ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/289

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਈਬੇਰੀਆ ਵਿੱਚ ਗੁਲਾਮੀ ਕਰਨ ਦਾ ਹੁਕਮ ਦਿੱਤਾ ਹੈ," ਨਿਖਲੀਊਧਵ ਨੇ ਇਹ ਗੱਲ ਇੰਝ ਕੀਤੀ ਜਦੋਂ ਕੋਈ ਬੜਾ ਉਦਾਸ ਤੇ ਫਿਕਰਾਂ ਵਿੱਚ ਡੁੱਬਿਆ ਹੁੰਦਾ ਹੈ ।

"ਅਦਾਲਤ ਨੇ ਹੁਕਮ ਤਾਂ ਆਪ ਲੋਕਾਂ ਦੇ ਖਿਆਲ ਅਨੁਸਾਰ ਦਿੱਤਾ ਹੈ," ਪ੍ਰਧਾਨ ਗਲ ਕਰੀ ਗਇਆ ਤੇ ਸਾਹਮਣੇ ਦਰਵਾਜ਼ੇ ਵਲ ਤੁਰੀ ਗਇਆ "ਭਾਵੇਂ ਉਹ ਜਵਾਬ ਆਪੇ ਵਿੱਚ ਠੀਕ ਮਿਲਦੇ ਤਾਂ ਨਹੀਂ ਹਨ," ਤੇ ਉਹਨੂੰ ਯਾਦ ਆ ਗਇਆ ਹੈ ਕਿ ਉਹ ਜੂਰੀ ਨੂੰ ਇਹ ਵਿਆਖਿਆ ਕਰਕੇ ਦੱਸਣਾ ਚਾਹੁੰਦਾ ਸੀ ਕਿ ਉਨ੍ਹਾਂ ਦਾ ਫੈਸਲਾ 'ਦੋਸੀ' ਦੇ ਅਰਥ ਸਨ "ਇਰਾਦਤਨ ਮਾਰ ਦੇਣ ਦਾ ਦੋਸੀ", ਜਦ ਤੱਕ ਉਹ ਇਹ ਲਫਜ਼ ਵਿੱਚ ਨ ਪਾਉਣ ਆਰ ਕਿ "ਬਿਨਾ ਜਾਨ ਲੈਣ ਨੀਤ ਦੇ ਆਦਿ" ਪਰ ਇਸ ਜਲਦੀ ਵਿੱਚ ਕਿ ਕੰਮ ਮੁੱਕੇ, ਉਹ ਇਹ ਵਿਆਖਿਆ ਕਰਨੀ ਭੁੱਲ ਗਇਆ ਸੀ ।

"ਠੀਕ———ਪਰ ਕੀ ਉਹ ਹੁਣ ਠੀਕ ਨਹੀਂ ਕੀਤੀ ਜਾ ਸੱਕਦੀ ?"

"ਅਪੀਲ ਕਰਨ ਦੀ ਵਜਾ ਤਾਂ ਹਰ ਵੇਲੇ ਲੱਭੀ ਜਾ ਸੱਕਦੀ ਹੈ, ਤੈਨੂੰ ਕਿਸੀ ਵਕੀਲ ਨਾਲ ਮਸ਼ਵਰਾ ਕਰਨਾ ਚਾਹੀਏ," ਪ੍ਰਧਾਨ ਨੇ ਕਹਿਆ ਤੇ ਆਪਣੀ ਟੋਪੀ ਇਕ ਪਾਸੇ ਵਲ ਉੜਾ ਲਈ ਸੂ, ਤੇ ਦਰਵਾਜ਼ੇ ਵਲ ਦੀ ਤੁ ਗਇਆ।

"ਪਰ ਇਹ ਕਿੰਨਾ ਜ਼ੁਲਮ ਹੈ ?"

੨੫੫