ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/256

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋੜੀਆਂ ਤੇ ਇਕ ਘਿਰੀ ਹਿਰਨੀ ਵਾਂਗ ਉਸਨੇ ਕਮਰੇ ਦੇ ਚਾਰ ਚੁਫੇਰੇ ਤੱਕਿਆ, ਤੇ ਫਿਰ ਆਪਣਾ ਸਿਰ ਸੁੱਟ ਦਿੱਤਾ, ਰੋਣ ਲੱਗ ਗਈ ਤੇ ਉੱਚੀਆਂ ਉੱਚੀਆਂ ਭੁੱਬਾਂ ਨਿਕਲ ਗਈਆਂ ।

"ਹਾਂ ਭਾਈ ਮਾਜਰਾ ਕੀ ਹੈ ?" ਸੌਦਾਗਰ ਨੇ ਨਿਖਲੀਊਧਵ ਨੂੰ ਪੁੱਛਿਆ ਜਦ ਉਸ ਦੇ ਮੂੰਹੋਂ ਆਪ ਮੁਹਾਰਾ ਇਕ ਹੌਕਾ ਜੇਹਾ ਨਿਕਲਿਆ । ਇਹ ਓਹਦਾ ਇਕ ਜੋਰ ਨਾਲ ਦਿਲੋਂ ਉੱਠਦੀ ਭੁੱਖ ਨੂੰ ਉੱਕਾ ਰੋਕ ਲੈਣ ਦਾ ਨਤੀਜਾ ਸੀ।

ਨਿਖਲੀਊਧਵ ਨੂੰ ਆਪਣੇ ਓਸ ਵੇਲੇ ਦੀ ਹਾਲਤ ਕੁਝ ਬਾਹਲੀ ਸਮਝ ਨਹੀਂ ਸੀ ਆ ਰਹੀ । ਇਹ ਹੌਕੇ ਜੋ ਓਹਦੇ ਨਿਕਲ ਰਹੇ ਸਨ ਤੇ ਅੱਖਾਂ ਵਿੱਚ ਅੱਥਰੂ ਆ ਰਹੇ ਸਨ ਇਹ ਓਹਦੀ ਨਸਾਂ ਦੀ ਆਮ ਕਮਜੋਰੀ ਕਰਕੇ ਉਸ ਸਮਝੇ । ਓਸ ਨੇ ਆਪਣਾ ਪਿਨਸਨੇਜ਼ ਮੁੜ ਪਾ ਲਇਆ, ਤਾ ਕਿ ਆਏ ਅੱਥਰੂਆਂ ਨੂੰ ਛੁਪਾ ਸਕੇ ਤੇ ਆਪਣਾ ਰੋਮਾਲ ਕੱਢ ਕੇ ਓਸ ਵਿੱਚ ਨੱਕ ਸੁਣਕਣ ਲੱਗ ਗਇਆ ।

ਓਸ ਬੇਹੁਰਮਤੀ ਦੇ ਡਰ ਨੇ, ਜੋ ਇਹਦੀ ਕਰਤੂਤ ਇਨ੍ਹਾਂ ਅਦਾਲਤ ਵਿੱਚ ਬੈਠੇ ਲੋਕਾਂ ਨੂੰ ਪਤਾ ਲੱਗ ਜਾਣ ਕਰਕੇ ਓਹਦੀ ਹੋਵੇਗੀ, ਓਹਦੇ ਰੂਹ ਦੇ ਅੰਦਰਲੇ ਹਿਲਾ ਨੂੰ ਨਪਿੱਤ ਦਿੱਤਾ ਸੀ । ਇਹ ਡਰ, ਇਸ ਪਹਿਲੇ ਸਮੇਂ ਵਿਚ, ਹੋਰ ਸਭ ਗੱਲਾਂ ਥੀਂ ਜਿਆਦਾ ਪ੍ਰਬੱਲ ਸੀ ।

੨੨੨