ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/253

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਕਿ ਇਹ ਦੋਸ ਉਨ੍ਹਾਂ ਜ਼ਹਿਰ ਦੇਣ ਦੀ ਲੋੜ ਵਿੱਚ ਸ਼ਾਮਲ ਹੋਣ ਦੇ ਬਿਨਾਂ ਕੀਤਾ ਹੋਣਾ ਹੈ । ਓਹ ਦੋਵੇਂ ਜ਼ਹਿਰ ਦੇਣ ਦੀ ਸਾਜ਼ਸ਼ ਵਿੱਚ ਨਹੀਂ ਸ਼ਾਮਲ ਸਨ । ਇਸ ਵਕੀਲ ਨੇ ਖਤਮ ਕਰਦਿਆਂ ਸਰਕਾਰੀ ਵਕੀਲ ਵਲ ਚੋਟ ਮਾਰਦਿਆਂ ਕਹਿਆ ਕਿ ਉਹਦੇ ਬੜੇ ਲਾਇਕ ਦੋਸਤ ਦੇ ਭੜਕਦੇ ਕਥਨ ਜੋ ਓਸਨੇ ਸਾਇੰਸ ਦੀ ਡੂੰਘੀ ਵਿਆਖਿਆ ਕਰਦੇ ਕੀਤੇ ਹਨ ਕਿ ਕੁਕਰਮ ਕਰਨ ਦੇ ਸੁਭਾ ਲੋਕਾਂ ਦੇ ਖੂਨ ਵਿੱਚ ਜਮਾਂਦਰੂ ਆ ਜਾਂਦੇ ਹਨ ਆਦਿ ਸਾਡੇ ਇਸ ਮੁਕੱਦਮੇਂ ਦੀ ਹਾਲਤ ਵਿੱਚ ਇਨ੍ਹਾਂ ਦੋਹਾਂ ਦੋਸੀਆਂ ਉੱਪਰ ਨਹੀਂ ਘਟ ਸੱਕਦੇ । ਕਿਉਂਕਿ ਬੋਚਕੋਵਾ ਦੇ ਮਾਂ ਪਿਓ ਦਾ ਕੁਛ ਪਤਾ ਨਹੀਂ ਕੌਣ ਸਨ । ਸਰਕਾਰੀ ਵਕੀਲ ਨੇ ਓਸ ਵਲ ਗੁੱਸੇ ਦੀ ਨਿਗਾਹ ਨਾਲ ਵੇਖ ਕੇ ਆਪਣੇ ਕਾਗਜ਼ਾਂ ਉੱਪਰ ਕੁਛ ਲਿਖਿਆ ਤੇ ਆਪਣੇ ਮੋਢੇ ਓਸ ਵਕੀਲ ਨੂੰ ਛੋਟਾ ਕਰਨ ਨੂੰ ਇਕ ਲੁਕੀ ਹਿਕਾਰਤ ਜੇਹੀ ਦੇ ਭਾਵ ਵਿੱਚ ਉਤਾਹਾਂ ਚਕ ਕੇ ਹਿਲਾਏ ।

ਫਿਰ ਮਸਲੋਵਾ ਦਾ ਵਕੀਲ ਉੱਠਿਆ, ਤੇ ਕੁਛ ਸ਼ਰਮਾਕਲ ਜੇਹੇ ਅਟਕੇ ਅਟਕੇ ਤਰੀਕੇ ਨਾਲ ਲੱਗਾ ਬੋਲਣ । ਓਸ ਨੇ ਇਸ ਗੱਲ ਥੀਂ ਇਨਕਾਰ ਨ ਕੀਤਾ, ਕਿ ਓਹਦੇ ਮੁਵੱਕਲ ਨੇ ਰੁਪੈ ਚੋਰੀ ਕਰਨ ਵਿੱਚ ਹਿੱਸਾ ਲੀਤਾ ਸੀ ਪਰ ਇਸ ਗੱਲ ਨੂੰ ਪੱਕਾ ਕੀਤਾ ਕਿ ਸਮੈਲਕੋਵ ਨੂੰ ਜ਼ਹਿਰ ਦੇਣ ਦਾ ਉਹਦੇ ਮੁਵੱਕਲ ਦਾ ਕੋਈ ਇਰਾਦਾ ਅਥਵਾ ਅੰਦਰਲੀ ਨੀਤ ਨਹੀਂ ਸੀ । ਤੇ ਓਹ ਪੁੜੀ ਓਹਨੇ ਓਹਨੂੰ ਸਵਾਲਣ ਲਈ ਦਿੱਤੀ ਸੀ । ਇਸ ਵਕੀਲ ਨੇ ਵੀ ਕੁਛ ਖੁਸ਼ ਬੋਲਾਂ ਨੂੰ ਦਿਖਾਓਣ ਤੇ

੨੧੯