ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/246

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਹੋਣੀ ਚਾਹੀਏ। ਜਿਹੜੇ ਮਸ਼ਹੂਰ ਹੋ ਚੁਕੇ ਸਨ, ਉਨ੍ਹਾਂ ਪਹਿਲਿਆਂ ਆਪਣੀ ਵਕਾਲਤ ਇਉਂ ਹੀ ਸ਼ੁਰੂ ਕੀਤੀ ਸੀ। ਸਰਕਾਰੀ ਵਕੀਲ ਦੇ ਹੋਰ ਅਸੂਲਾਂ ਵਿੱਚ ਇਕ ਇਹ ਵੀ ਅਸੂਲ ਦੀ ਗੱਲ ਸੀ ਕਿ ਹਮੇਸ਼ਾਂ ਆਪਣੀ ਥਾਂ ਤੇ ਉੱਚਾ ਬੋਲਣਾ, ਤੇ ਆਪਣੇ ਅੱਗੇ ਆਏ ਸਵਾਲ ਨੂੰ ਚੋਟੀ ਥੀਂ ਫੜ ਝੰਝੋਣਨਾ, ਤੇ ਜੁਰਮ ਕਰਨ ਵਾਲਿਆਂ ਦੇ ਅੰਦਰਲੇ ਚਿਤ ਦੇ ਇਰਾਦੇ ਤੇ ਮਨਤਵਾਂ ਤੇ ਨੀਤਾਂ ਤਕ ਅਪੜਨਾ, ਤੇ ਸੋਸੈਟੀ ਦੇ ਜ਼ਖ਼ਮਾਂ, ਜ਼ਰਬਾਂ ਨੂੰ ਨੰਗਾ ਕਰ ਕਰ ਦੱਸਣਾ ।

"ਜੂਰੀ ਦੇ ਭਲੇ ਮਾਨੁਖੋ ! ਤੁਸੀ ਆਪਣੇ ਸਾਹਮਣੇ ਇਕ ਕਿਸੀ ਦਾ ਕੀਤਾ ਜੁਰਮ ਦੇਖ ਰਹੇ ਹੋ ਜਿਹੜਾ, ਸਾਡੀ ਸਦੀ, ਜੇ ਮੈਂ ਆਪਣੇ ਮਤਲਬ ਨੂੰ ਇਉਂ ਪ੍ਰਗਟ ਕਰ ਸਕਦਾ ਹਾਂ, ਦੇ ਆਖ਼ਰਲੇ ਗੁਜ਼ਰਦੇ ਹਿੱਸੇ ਵਿੱਚ ਆਪਣੀ ਕਿਸਮ ਦਾ ਖਾਸ ਇਕ ਗ਼ੈਰਮਾਮੂਲੀ ਜੁਰਮ ਹੈ, ਯਾ ਜੇ ਇਉਂ ਮੈਂ ਕਹਿ ਸਕਾਂ, ਇਸ ਦੀ ਨੁਹਾਰ ਇਕ ਬੜੀ ਦੁਖਦਾਈ ਘਟਨਾ ਦੀ ਹੈ । ਇਕ ਇਨਸਾਨੀ ਲੁੱਚਪੁਣੇ ਦੀ ਜਿੱਦੇ ਪੰਜੇ ਵਿੱਚ ਆਈ ਸਾਡੀ ਸੁਸਾਇਟੀ ਸ਼ਿਕਾਰ ਹੋ ਰਹੀ ਹੈ ਯਾ ਜੇ ਮੈਂ ਇੰਝ ਕਹਿ ਸੱਕਾਂ, ਜਿਦੀ ਬਦਚਲਣੀ ਦੀਆਂ ਸਾੜ ਦੇਣ ਵਾਲੀਆਂ ਕਿਰਨਾਂ ਨੇ ਸਾਡੀ ਸੋਸਾਇਟੀ ਨੂੰ ਭੁੰਨ ਸੁਟਣਾ ਹੈ ।"

ਸਰਕਾਰੀ ਵਕੀਲ ਨੇ ਬੜੀ ਲੰਬੀ ਚੌੜੀ ਇਉਂ ਤਕਰੀਰ ਕੀਤੀ । ਜੋ ਜੋ ਨੁਕਤੇ ਓਸ ਆਪਣੇ ਦਿਮਾਗ਼ ਵਿੱਚ ਬੰਨ੍ਹੇ ਸਨ, ਉਨ੍ਹਾਂ ਵਿੱਚੋਂ ਇਕ ਵੀ ਓਹ ਨਹੀਂ ਸੀ ਭੁਲਿਆ ਤੇ ਅੜਿਆ ਕਿਧਰੇ ਨਾ । ਬਸ ਬੋਲੀ ਹੀ ਗਇਆ ਜਿਵੇਂ ਕੋਈ ਵਗਦਾ ਜਾ ਰਹਿਆ ਹੈ ਤੇ ਬਿਨਾ ਸਾਹ ਲਏ ਦੇ ਸਵਾ ਘੰਟਾ ਪੂਰਾ ਵਗੀ ਗਇਆ, ਬੱਲ੍ਹੇ ਬੱਲ੍ਹੇ ਓ ਸ਼ੇਰਾ !

੨੧੨