ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/220

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੮

ਦੂਜੇ ਸਵੇਰੇ ਓਹ ਖੁਸ਼ ਰਹਿਣਾ, ਸੋਹਣਾ ਤੇ ਸ਼ੋਖ ਸ਼ੋਨਬੋਖ ਉਹਦਾ ਸਾਥੀ ਇੱਥੇ ਉਹਦੀਆਂ ਫੁੱਫੀਆਂ ਦੇ ਘਰ, ਨਿਖਲੀਊਧਵ ਨੂੰ ਆਣ ਮਿਲਿਆ ਤੇ ਆਪਣੇ ਮੰਝੇ ਹੋਏ ਮਿੱਠੇ ਸੁਭਾ, ਬੇਪਰਵਾਹ ਤਬੀਅਤ ਕਰਕੇ ਤੇ ਦਮਿਤਰੀ ਦੀ ਦੋਸਤੀ ਦੇ ਨਿੱਘ ਵਿੱਚ ਗੋਹਲਾ ਹੋਣ ਕਰਕੇ ਉਸ ਨੇ ਸਭ ਦੇ ਦਿਲ ਮੋਹ ਲੀਤੇ । ਭਾਵੇਂ ਓਹ ਬੁੱਢੀਆਂ ਉਹਦੀ ਦਰੀਆ ਦਿਲੀ ਦੀ ਸ਼ਲਾਘਾ ਕਰ ਰਹੀਆਂ ਸਨ ਤਾਂ ਵੀ ਸਭ ਨੂੰ ਇਉਂ ਜਾਪਦਾ ਸੀ ਜਿਵੇਂ ਉਹ ਆਪਣੇ ਇਸ ਗੁਣ ਨੂੰ ਵਿਖਾਣ ਲਈ ਕੁਛ ਵਧਾ ਕੇ ਹਰਕਤਾਂ ਕਰ ਰਹਿਆ ਸੀ । ਦਰਵਾਜ਼ੇ ਤੇ ਆਏ ਅੰਨ੍ਹੇ ਮੰਗਤਿਆਂ ਨੂੰ ਓਸ ਇਕ ਰੂਬਲ ਕੱਢ ਕੇ ਸੁੱਟ ਦਿੱਤਾ, ਨੌਕਰਾਂ ਨੂੰ ੧੫ ਰੂਬਲ ਬਖਸ਼ੀਸ਼ਾਂ ਹੀ ਦੇ ਦਿੱਤੇ । ਸੋਫੀਆ ਈਨੋਵਨਾ ਦੇ ਪਾਲਤੂ ਕੁੱਤੇ ਨੂੰ ਜਦ ਸੱਟ ਵੱਜੀ ਤੇ ਲਹੂ ਨਿਕਲਨ ਲੱਗ ਪਇਆ, ਇਸ ਆਪਣਾ ਹੱਥ ਨਾਲ ਕੱਢਿਆ ਰੋਮਾਲ (ਜਿਹਦੀ ਇਕ ਦਰਜਨ ਦਾ ਮੁੱਲ ਸੋਫੀਆ ਈਨੋਵਨਾ ਜਾਣਦੀ ਸੀ, ਘਟੋ ਘਟ ੧੫ ਰੂਬਲ ਸੀ) ਫਾੜ ਕੇ ਕੁੱਤੇ ਦੇ ਪੰਜੇ ਦੀ ਪੱਟੀ ਬਣਾ ਬੱਧੀ । ਇਨ੍ਹਾਂ ਪੁਰਾਣੀਆਂ ਸਵਾਣੀਆਂ ਇਸ ਕਿਸਮ ਦੇ ਲੋਕੀ ਕਦੀ ਨਹੀਂ ਸਨ ਵੇਖੇ ਤੇ ਉਨ੍ਹਾਂ ਨੂੰ ਇਹ ਖਬਰ ਨਹੀਂ ਸੀ ਕਿ ਸ਼ੋਨਬੋਖ ਨੇ ਦੋ ਲੱਖ ਰੂਬਲ ਕਰਜ਼ਾ ਦੇਣੇ ਹਨ ਜਿਹੜੇ ਓਹ ਕਦੀ ਆਪਣੇ ਕਰਜ਼ਖਾਹਾਂ ਨੂੰ