ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/204

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹ ਜਾਣਦਾ ਸੀ ਕਿ ਦਿਵਯ ਪਿਆਰ ਕਾਤੂਸ਼ਾ ਵਿੱਚ ਹੈ ਕਿਉਂਕਿ ਉਸੀ ਰੱਬੀ ਪਿਆਰ ਦਾ ਅਨੁਭਵ ਓਹਨੂੰ ਆਪ ਨੂੰ ਉਸ ਰਾਤੀ ਤੇ ਉਸ ਦਿਨ ਹੋਇਆ ਸੀ । ਤੇ ਉਸ ਇਹ ਵੀ ਵੇਖ ਲਿਆ ਸੀ ਕਿ ਇਸ ਰੱਬੀ ਪਿਆਰ ਦੀ ਜ਼ਾਤ ਤੇ ਧਿਆਨ ਵਿੱਚ ਓਹ ਉਸ ਨਾਲ ਇਕ ਹੋ ਰਹਿਆ ਹੈ, ਉਸ ਵਿੱਚ ਰੂਹ ਰੂਹ ਨਾਲ ਮਿਲਿਆ ਪਇਆ ਹੈ । ਉਸ ਪਿਆਰ ਵਿੱਚ ਕਾਈ ਵਿਛੋੜਾ ਕਿਸੀ ਚੀਜ਼ ਦਾ ਕਿਸੀ ਨਾਲ ਨਹੀਂ ।

ਆਹ ! ਜੇ ਇਹ ਉੱਚੇ ਭਾਵ ਬੱਸ ਇੱਥੇ ਹੀ ਠਹਿਰ ਜਾਂਦੇ, ਓਸ ਰਾਤ ਵਾਲੇ ਨੁਕਤੇ ਤੇ ਠਹਿਰ ਜਾਂਦੇ !! "ਹਾਂ———ਇਹ ਸਭ ਖੌਫ਼ਨਾਕ ਕੰਮ ਉਸ ਈਸਟਰ ਦੀ ਰਾਤ ਤਕ ਤਾਂ ਹਾਲੇਂ ਨਹੀਂ ਸੀ ਹੋਇਆ," ਉਸ ਸੋਚਿਆ, ਜਦ ਉਹ ਜੂਰੀ ਦੇ ਕਮਰੇ ਦੀ ਬਾਰੀ ਅੱਗੇ ਬੈਠਾ ਸੋਚਾਂ ਵਿੱਚ ਡੁਬਿਆ ਹੋਇਆ ਸੀ ।

੧੭੦