ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਕਲਾਰਕ ਭੈੜੇ ਨੂੰ ਇੰਨੀ ਸਮਝ ਨਹੀਂ ਆਈ ਕਿ ਇਸ ਵਕਤ ਗਿਰਜੇ ਵਿੱਚ ਸਬ ਕੁਛ ਕਾਤੂਸ਼ਾ ਦੀ ਖਾਤਰ ਹੈ——ਨਹੀਂ ਨਹੀਂ ਨਿਰਾ ਗਿਰਜਾ ਨਹੀਂ, ਕੁਲ ਦੁਨੀਆਂ ਕਾਤੂਸ਼ਾ ਲਈ ਜੀ ਰਹੀ ਹੈ, ਤੇ ਹੋਰ ਕਿਸੇ ਦੀ ਯਾ ਕਿਸੀ ਗੱਲ ਦੀ ਪਰਵਾਹ ਕੀਤੀ ਜਾਵੇ ਅਥਵਾ ਨਾ ਕੀਤੀ ਜਾਵੇ ਪਰ ਕਾਤੂਸ਼ਾ ਦੀ ਖਾਤਰ ਹਰ ਪਾਸਿਓਂ ਮਨਜ਼ੂਰ ਹੈ । ਇਸ ਵਕਤ ਉਹ ਸਭ ਦਾ ਕੇਂਦਰ ਹੈ, ਉਸੇ ਲਈ ਉਨ੍ਹਾਂ ਸਾਹਮਣੇ ਰੱਖੀਆਂ ਮੂਰਤੀਆਂ ਦੀਆਂ ਜੋਤਾਂ ਜਗ ਮਗ ਕਰ ਰਹੀਆਂ ਹਨ, ਉਸ ਦੀ ਖਾਤਰ ਲਈ ਹੀ ਉੱਪਰ ਝਾੜ ਫ਼ਾਨੂਸਾਂ ਵਿੱਚ ਬੱਤੀਆਂ ਬਲ ਰਹੀਆਂ ਹਨ, ਉਸ ਦੇ ਲਈ ਹੀ ਰਾਗ ਅਲਾਪੇ ਜਾ ਰਹੇ ਹਨ ਤੇ ਉਹ ਭਜਨਾਂ ਦੀ ਗੁੰਜਾਰ ਹੋ ਰਹੀ ਹੈ । "ਰੱਬ ਦੇ ਅਸਮਾਨੀ ਚੜ੍ਹਨ ਦੇ ਦਰਸ਼ਨ ਕਰੋ, ਖੁਸ਼ ਹੋਵੇ ਲੋਕੋ, ਈਸਾ ਅਸਮਾਨੀ ਚੜਿਆ" , ਆਦਿ———ਸਭ ਕੁਛ,ਸਭ ਜੋ ਕੁਛ ਵੀ ਦੁਨੀਆਂ ਵਿੱਚ ਚੰਗਾ ਸੀ ਬਸ ਓਸ ਲਈ ਹੈ ਤੇ ਉਹਨੂੰ ਇਹ ਜਾਪ ਰਹਿਆ ਸੀ ਕਿ ਕਾਤੂਸ਼ਾ ਵੀ ਇਹੋ ਪ੍ਰਤੀਤ ਕਰ ਰਹੀ ਹੈ ਕਿ ਸਭ ਕੁਛ ਉਸ ਲਈ ਹੈ । ਜਦ ਕਿ ਉਸ ਉਹਦੀ ਸਡੌਲ ਬਣੀ ਛੱਬੀ ਵਲ ਤੱਕਿਆ, ਉਹ ਉੱਪਰ ਛੁੰਗੀ ਚਿੱਟੀ ਪੋਸ਼ਾਕ ਤੇ ਉਹਦੇ ਮੂੰਹ ਦਾ ਧਿਆਨ ਮਗਨ ਅਨੰਦ ਵਿੱਚ ਜੁੜਿਆ ਰੰਗ ਵੇਖਿਆ ਤੇ ਉਸ ਦੇ ਉਸ ਚਿਹਰੇ ਦੇ ਦੈਵੀ ਰੰਗ ਥੀਂ ਉਸ ਜਾਣ ਲਇਆ ਸੀ, ਕਿ ਜੋ ਉਹਦੇ ਰੂਹ ਦੇ ਅੰਦਰ ਰਾਗ ਛਿੜ ਰਹਿਆ ਹੈ ਉਹੋ ਕਾਤੂਸ਼ਾ ਦੇ ਅੰਦਰ ਚਮਕ ਦੇ ਰਹਿਆ ਹੈ ।੧੬੪