ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/192

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈ ਤੇ ਇਸ ਕਰਕੇ ਹਾਲੇ ਈਸਟਰ ਨਹੀਂ ਸੀ ਹੋਇਆ, ਉਹ ਇਸ ਥੀਂ ਪਹਿਲਾਂ ਹੀ ਆਪਣੇ ਸੈਣ ਦੇ ਕਮਰੇ ਵਿਚ ਵੜਨ ਹੀ ਲੱਗਾ ਸੀ ਕਿ ਓਧਰੋਂ ਮੈਤਰੀਨਾ ਪਾਵਲੋਵਨਾ ਬੁਢੀ ਨੌਕਰਾਨੀ ਦੀ ਆਵਾਜ ਆਈ ਕਿ ਉਹ ਈਸਟਰ ਦੀਆਂ ਟਿੱਕੀਆਂ ਮਲਾਈ ਤੇ ਪਨੀਰ ਦਾ ਮਿੱਠਾ ਮਧੂਪਰਕ ਆਦਿ ਲੈਕੇ ਗਿਰਜੇ ਜਾਣ ਦੀ ਤਿਆਰੀ ਕਰ ਰਹੀ ਹੈ ਕਿ ਅੱਧੀ ਰਾਤ ਦੇ ਪਾਠ ਕੀਰਤਨ ਦੇ ਮਗਰੋਂ ਇਨ੍ਹਾਂ ਨੂੰ ਪਾਕ ਪਵਿਤ੍ਰ ਕਰਕੇ ਲਿਆਵੇ ।

ਮੈਂ ਵੀ ਜਾਸਾਂ," ਇਸ ਖ਼ਿਆਲ ਕੀਤਾ ।

ਗਿਰਜੇ ਨੂੰ ਸਲੈਜ ਵਿਚ ਯਾ ਪੱਈਏ ਵਾਲੀ ਗੱਡੀ ਵਿਚ ਜਾਣਾ ਨਾਮੁਮਕਿਨ ਸੀ । ਸੋ ਨਿਖਲੀਊਧਵ ਨੇ ਜੋ ਆਪਣੀਆਂ ਫੁਫੀਆਂ ਦੇ ਘਰ ਆਪਣੇ ਹੀ ਘਰ ਵਾਂਗ ਖੁਲ੍ਹਾ ਡੁਲ੍ਹਾ ਰਹਿੰਦਾ ਸੀ, ਹੁਕਮ ਦਿੱਤਾ ਕਿ "ਭਾਈ ਜੀ ਦਾ ਘੋੜਾ" ਉਸ ਲਈ ਜੀਨ ਪਾ ਕੇ ਲਿਆਂਦਾ ਜਾਏ, ਤੇ ਬਿਸਤਰੇ ਉੱਪਰ ਜਾ ਕੇ ਸੈਣ ਦੀ ਥਾਂ ਉਸ ਆਪਣੀ ਵਰਦੀ ਪਾ ਲਈ ਤੇ ਤੰਗ ਸਵਾਰੀ ਵਾਲੀਆਂ ਬਿਰਜਸਾਂ ਪਾ ਲਈਆਂ, ਅਤੇ ਆਪਣਾ ਵੱਡਾ ਐਵਰਕੋਟ ਵੀ ਪਾ ਲਇਆ ਤੇ ਉਸ ਬੁੱਢੇ ਪਰ ਚੰਗੇ ਪਲੇ ਭਾਰੀ ਹੋਏ ਘੋੜੇ ਪੁਰ ਚੜ੍ਹ ਬੈਠਾ । ਘੋੜਾ ਉਹਦੇ ਹੇਠ ਸਾਰਾ ਰਾਹ ਹੀ ਹਿਣਕਦਾ ਗਇਆ ਤੇ ਨਿਖਲੀਊਧਵ ਹਨੇਰੇ ਘੁੱਪ ਵਿਚ ਹੀ, ਚਿੱਕੜ, ਖੋਭੇ, ਬਰਫ ਵਿਚ ਹੀ ਗਿਰਜੇ ਪਹੁਤਾ ।੧੫੮