ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/170

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ ਹੀ ਕਰਦੀ ਹੈ । ਤਦ ਵੀ ਜਦ ਓਹ ਉੱਥੋਂ ਟੁਰਨ ਲੱਗਾ ਸੀ ਤੇ ਕਾਤੂਸ਼ਾ ਓਹਦੀ ਫੁਫੀਆਂ ਨਾਲ ਪੋਰਚ ਵਿੱਚ ਖੜੀ ਸੀ ਤੇ ਓਸ ਵੱਲ ਆਪਣੀ ਅਥਰੂਆਂ ਨਾਲ ਡਲ ਡਲ ਕਰਦੀਆਂ, ਕਾਲੀਆਂ ਤੇ ਰਤਾ ਕੂ ਭੈਂਗ ਮਾਰਦੀਆਂ ਅੱਖੀਆਂ ਨਾਲ ਤਕ ਰਹੀ ਸੀ । ਉਸ ਨੇ ਓਸ ਵੇਲੇ ਪ੍ਰਤੀਤ ਕੀਤਾ ਸੀ, ਕਿ ਇਥੇ ਉਹ ਕੋਈ ਇਕ ਬੜੀ ਅਮੋਲਕ ਚੀਜ਼ ਪਿਛੇ ਛੱਡ ਚਲਿਆ ਹੈ ਜਿਹੜੀ ਮੁੜ ਨਹੀਂ ਹੱਥ ਆਉਣੀ ਤੇ ਇਹ ਸੋਚ ਕੇ ਉਹ ਉਦਾਸ ਹੋ ਗਇਆ ਸੀ ।

"ਗੁਡਬਾਈ-ਕਾਤੂਸ਼ਾ," ਓਸ ਨੇ ਬੱਘੀ ਚੜ੍ਹਣ ਲੱਗਿਆਂ, ਸੋਫੀਆ ਈਵਾਨੋਵਨਾ ਦੀ ਟੋਪੀ ਵਿੱਚ ਦੀ ਝਾਤ ਪਾ ਕੇ ਕਹਿਆ, "ਸਭ ਤਰਾਂ ਦੇ ਹਾਸੇ ਖੇਡੇ ਲਈ ਮੈਂ ਤੇਰਾ ਬੜਾ ਧੰਨਵਾਦੀ ਹਾਂ ।"

"ਗੁਡਬਾਈ-ਦਮਿਤ੍ਰੀ ਈਵਾਨਿਚ," ਕਾਤੂਸ਼ਾ ਨੇ ਆਪਣੀ ਮਿੱਠੀ ਮਹੀਨ ਅਵਾਜ਼ ਨਾਲ ਕਹਿਆ ਤੇ ਆਪਣੇ ਅਥਰੁ ਜਿਹੜੇ ਅੱਖਾਂ ਵਿੱਚ ਡਲ ਡੱਲ ਕਰ ਰਹੇ ਸਨ ਢਹਿਣ ਨੂੰ ਦਿੱਤੇ ਤੇ ਨੱਸ ਕੇ ਹਾਲ ਕਮਰੇ ਵਲ ਦੌੜ ਗਈ ਜਿੱਥੇ ਓਹ ਏਕਾਂਤ ਵਿੱਚ ਰੋ ਸਕਦੀ ਸੀ ।੧੩੬