ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਨਹੀਂ ਕਿ ਕਾਤੂਸ਼ਾ ਨੂੰ ਵੇਖ ਕੇ ਹੀ ਨਿਖਲੀਊਧਵ ਦੀ ਇਹ ਹਾਲਤ ਹੁੰਦੀ ਸੀ । ਨਿਰਾ ਇਹ ਚਿਤਵਨਾ ਹੀ ਕਿ "ਕਾਤੂਸ਼ਾ ਹੈ" ਕਿਧਰੇ ਹੈ, ਤੇ ਕਾਤੂਸ਼ਾ ਲਈ ਇਹ ਕਿ "ਨਿਖਲੀਊਧਵ ਹੈ" ਕਿਧਰੇ ਹੈ, ਓਹੋ ਅਸਰ ਦੋਹਾਂ ਲਈ ਪੈਦਾ ਕਰ ਦਿੰਦਾ ਸੀ ।

ਕਿਸੀ ਹੋਰੀ ਫੇਰੀ ਦੀ ਹਾਲਤ ਵਿੱਚ, ਜੇ ਓਹਦੀ ਮਾਂ ਕੋਈ ਤਬੀਅਤ ਨੂੰ ਖਰਾਬ ਕਰਨ ਵਾਲਾ ਖਤ ਆਇਆ ਹੋਵੇ, ਯਾ ਆਪਣੇ ਲੇਖ ਦਾ ਕੋਈ ਹਿੱਸਾ ਤਸੱਲੀਬਖਸ਼ ਤਰਾਂ ਲਿਖ ਨ ਸਕਿਆ ਹੋਵੇ, ਯਾ ਕਿਸੀ ਵੇਲੇ ਓਹ ਅਕਾਰਨ ਹੀ ਦਿਲਗੀਰੀ ਵਿਚ ਜਾ ਪਇਆ ਹੋਵੇ, ਜਿਸ ਲਈ ਓਹ ਕੁਝ ਕਹਿ ਨਹੀਂ ਸੱਕਦਾ ਕਿ ਕਿਉਂ ਆਈ ਹੈ, ਕਿਉਂਕਿ ਇਹੋ ਜੇਹੀਆਂ ਦਿਲਗੀਰੀਆਂ ਨੌਜਵਾਨਾਂ ਨੂੰ ਅਚਨਚੇਤ ਆ ਹੀ ਵੱਜਦੀਆਂ ਹਨ———ਕੁਛ ਹੋਵੇ, ਕਾਤੂਸ਼ਾ ਨੂੰ ਯਾਦ ਕਰਨਾਂ ਹੀ ਕਾਫੀ ਸੀ । ਸਭ ਉਦਾਸੀਆਂ ਦੂਰ ਹੋ ਜਾਂਦੀਆਂ ਸਨ, ਸਭ ਗ਼ਮਗੀਨੀਆਂ ਕਾਫੂਰ ਹੋ ਜਾਂਦੀਆਂ ਸਨ ਤੇ ਯਕੀਨ ਸੀ ਕਿ ਹੁਣੇ ਓਹਨੂੰ ਮਿਲਾਂਗੇ ਤੇ ਸਭ ਗ਼ਮ ਗ਼ਲਤ ਹੋ ਜਾਣਗੇ।

ਕਾਤੂਸ਼ਾ ਨੂੰ ਘਰ ਦਾ ਕੰਮ ਕਾਜ ਬਹੁਤ ਰਹਿੰਦਾ ਹੁੰਦਾ ਸੀ, ਪਰ ਫਿਰ ਵੀ ਉਹ ਆਪਣੇ ਪੜ੍ਹਨ ਦਾ ਵਕਤ ਕੱਢ ਲੈਂਦੀ ਸੀ ਤੇ ਨਿਖਲੀਊਧਵ ਨੇ ਓਹਨੂੰ ਦੋਸਤਯਵਸਕੀ ਤੇ ਤੁਰਗੇਨੇਵ ਦੀਆਂ ਕਿਤਾਬਾਂ ਦਿਤੀਆਂ੧੩੨