ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੇਟੀਕੋਟ ਖੜ ਖੜ ਕਰਦਾ ਸੀ । ਆਰਟਿਸਟ ਦੇ ਛੋਹ ਜਾਣ ਥੀਂ ਬਚਣ ਲਈ ਨਿਖਲੀਊਧਵ ਸੱਜੇ ਪਾਸੇ ਨਸ ਪਇਆ, ਪਰ ਜਦ ਓਸ ਮੁੜ ਕੇ ਵੇਖਿਆ ਤਦ ਓਹ ਆਰਟਿਸਟ ਕਾਤੂਸ਼ਾ ਵਲ ਭੱਜੀ ਜਾ ਰਹਿਆ ਸੀ । ਕਾਤੂਸ਼ਾ ਓਸ ਥੀਂ ਕਾਫ਼ੀ ਅੱਗੇ ਸੀ । ਓਹਦੀਆਂ ਪੀਡੀਆਂ ਤੇ ਲੰਮੀਆਂ ਲੱਤਾਂ ਖੂਬ ਹਿਲਦੀਆਂ ਸਨ । ਉਨ੍ਹਾਂ ਦੇ ਅੱਗੇ ਫੁੱਲਾਂ ਦੀ ਇਕ ਝਾੜੀ ਸੀ ਤੇ ਕਾਤੂਸ਼ਾ ਨੇ ਆਪਣੇ ਸਿਰ ਨਾਲ ਨਿਖਲੀਊਧਵ ਨੂੰ ਇਸ਼ਾਰਾ ਕੀਤਾ ਕਿ ਓਹ ਓਸ ਝਾੜੀ ਦੇ ਪਿੱਛੇ ਆਣ ਕੇ ਮਿਲੇ ਕਿਉਂਕਿ ਇਕ ਵੇਰੀ ਜੇ ਓਹ ਆਣ ਮਿਲਣ ਤੇ ਮੁੜ ਇਕ ਦੂਜੇ ਦਾ ਹੱਥ ਫੜ ਲੈਣ ਤਦ ਓਨ੍ਹਾਂ ਨੂੰ ਆਰਟਿਸਟ ਦੇ ਆਣ ਕੇ ਛੋਹ ਜਾਣ ਦਾ ਮੁੜ ਕੋਈ ਡਰ ਨਹੀਂ ਸੀ ਤੇ ਜੇ ਇਓਂ ਓਹ ਮਿਲ ਪੈਣ ਤਦ ਓਹ ਖੇਡ ਜਿੱਤ ਜਾਂਦੇ ਸਨ । ਨਿਖਲੀਊਧਵ ਨੇ ਓਸ ਛਪਣ ਲੁਕਣ ਦੀ ਖੇਡ ਦੇ ਕਾਇਦੇ ਦਾ ਇਹ ਇਸ਼ਾਰਾ ਸਮਝ ਲਇਆ, ਝਾੜੀ ਵਲ ਦੌੜ ਪਇਆ । ਰਸਤੇ ਵਿੱਚ ਇਕ ਟੋਆ ਸੀ, ਜਿਹਦਾ ਓਹਨੂੰ ਪਤਾ ਨਹੀਂ ਸੀ । ਟੋਏ ਦੇ ਅੱਗੇ ਪਿੱਛੇ ਬਿੱਛੂ ਬੂਟੀ ਉੱਗੀ ਹੋਈ ਸੀ । ਨਿਖਲੀਊਧਵ ਠੇਡਾ ਖਾ ਕੇ ਘੜੱਮ ਉਸ ਟੋਏ ਵਿੱਚ ਢੱਠਾ । ਉਹਦੇ ਹੱਥਾਂ ਪੈਰਾਂ ਨੂੰ ਬਿੱਛੂ ਬੂਟੀ, ਜਿਹੜੀ ਤ੍ਰੇਲ ਨਾਲ ਭਰੀ ਸੀ, ਲੜ ਗਈ, ਪਰ ਸ਼ੇਰ ਉਹ ਉੱਠ ਖਲੋਤਾ ਤੇ ਆਪਣੇ ਡਿੱਗਣ ਉੱਪਰ ਹੱਸਿਆ ।੧੨੯