ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/155

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਹੋਰ ਕੁਛ ਨਹੀਂ ਪੁੱਛਣਾ ਜਨਾਬ," ਤੇ ਸਰਕਾਰੀ ਵਕੀਲ ਨੇ ਕਹਿਆ ਤੇ ਆਪਣੇ ਮੋਢੇ ਉਤਾਂਹ ਨੂੰ ਖਿੱਚ ਕੇ ਹਿਲਾਏ, ਮੁੜ ਓਹ ਆਪਣੀ ਆਖਰੀ ਤਕਰੀਰ ਦੇ ਲਿਖੇ ਨੋਟਾਂ ਵਿਚ ਕੁਛ ਲਿਖਣ ਡਹਿ ਪਿਆ ਕਿ ਕੈਦੀ ਦੀ ਆਪਣੀ ਜ਼ਬਾਨੀ ਸ਼ਹਾਦਤ ਹੈ ਕਿ ਓਹ ਕਾਰਤਿਨਕਿਨ ਨਾਲ ਇਕ ਖਾਲੀ ਕਮਰੇ ਵਿਚ ਗਈ ਸੀ ।

ਥੋੜੇ ਚਿਰ ਲਈ ਚੁਪ ਵਰਤੀ ।

"ਤੂੰ ਹੋਰ ਕੁਛ ਨਹੀਂ ਕਹਿਣਾ ?"

"ਮੈਂ ਸਭ ਕੁਛ ਕਹਿ ਬੈਠੀ ਹਾਂ", ਓਸ ਨੇ ਸਾਹ ਭਰ ਕੇ ਕਹਿਆ ਤੇ ਬਹਿ ਗਈ ।

ਫਿਰ ਪ੍ਰਧਾਨ ਨੇ ਕੁਛ ਲਿਖਿਆ ਤੇ ਖੱਬੇ ਬੈਠੇ ਮੈਂਬਰ ਨਾਲ ਕਾਨਾ ਫੂਸੀ ਕੀਤੀ, ਤੇ ਐਲਾਨ ਕੀਤਾ ਕਿ ਕਚਹਿਰੀ ੧੦ ਮਿੰਟ ਲਈ ਬਰਖਾਸਤ ਤੇ ਇਹ ਕਹਿ ਕੇ ਜਲਦੀ ਨਾਲ ਉੱਠ ਕੇ ਅਦਾਲਤ ਦੇ ਕਮਰੇ ਥੀਂ ਬਾਹਰ ਤੁਰ ਗਇਆ । ਓਸ ਲੰਮੀ ਦਾਹੜੀ ਵਾਲੇ ਲੰਮੇ ਨਰਮੀ ਭਰੀਆਂ ਅੱਖਾਂ ਵਾਲੇ ਮੈਂਬਰ ਨੇ ਗੋਸ਼ੇ ਵਿਚ ਪ੍ਰਧਾਨ ਨੂੰ ਇਹ ਕਹਿਆ ਸੀ ਕਿ ਓਹਦੇ ਪੇਟ ਵਿਚ ਦਰਦ ਹੋ ਰਹੀ ਹੈ ਤੇ ਓਹ ਕੁਛ ਵਕਫਾ ਚਾਹੁੰਦਾ ਹੈ ਕਿ ਜਾ ਕੇ ਪੇਟ ਮਲੇ ਤੇ ਇਕ ਕਤਰਾ ਪੀਵੇ-ਬਸ ਇਸ ਕਰਕੇ ਕਚਹਿਰੀ ਦੀ ਕਾਰਵਾਈ ਵਿਚ ਵਕਫਾ ਪਾਇਆ ਗਿਆ ਸੀ ।

ਜਦ ਜੱਜ ਉੱਠ ਪਏ ਤਦ ਨਾਲ ਹੀ ਵਕੀਲ, ਜੂਰੀ ਤੇ ਗਵਾਹ ਉੱਠ ਪਏ, ਤੇ ਓਨ੍ਹਾਂ ਸਾਰਿਆਂ ਨੂੰ ਇਹ ਗੱਲ ਚੰਗੀ ਲੱਗੀ ਕਿ ਚਲੋ ਕੁਛ ਕੰਮ ਨਿਬੜਿਆ ਹੈ ਤੇ ਮਨ ਦੀ੧੨੧