ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਇਹ ਪੁੱਛਣਾ ਚਾਹਾਂਗਾ ਕਿ ਕੈਦੀ ਦੀ ਕਾਰਤਿਨਕਿਨ ਨਾਲ ਵਾਕਫੀਅਤ ਕਿਸ ਗੱਲ ਵਿੱਚ ਸੀ ? ਕੀ ਇਹ ਅਕਸਰ ਮਿਲਦੇ ਸਨ ?"

"ਕਿਸ ਗੱਲ ਵਿੱਚ ਸੀ ? ਓਹ ਮਹਿਮਾਨਾਂ ਲਈ ਮੈਨੂੰ ਬੁਲਾ ਲਿਆਇਆ ਕਰਦਾ ਸੀ । ਇਹ ਉਸ ਦੀ ਜ਼ਾਤ ਨਾਲ ਕਿਸੀ ਤਰਾਂ ਦੀ ਵਾਕਫੀਅਤ ਹੋਣ ਦੀ ਸ਼ਕਲ ਦੀ ਗੱਲ ਬਿਲਕੁਲ ਨਹੀਂ ਸੀ," ਮਸਲੋਵਾ ਨੇ ਉੱਤਰ ਦਿੱਤਾ ਤੇ ਕੁਛ ਫਿਕਰ ਜੇਹੇ ਵਿੱਚ ਕਦੀ ਸਰਕਾਰੀ ਵਕੀਲ ਵਲ ਤਕਦੀ ਸੀ ਕਦੀ ਪ੍ਰਧਾਨ ਵਲ, ਤੇ ਮੁੜ ਉਸ ਵਲ ਤੇ ਮੁੜ ਇਸ ਵਲ ।

"ਮੈਂ ਪੁੱਛਣਾ ਚਾਹਾਂਗਾ ਕਿ ਕਾਰਤਿਨਕਿਨ ਮਹਿਮਾਨਾਂ ਲਈ ਸਿਰਫ ਇਹਨੂੰ ਹੀ ਕਿਉਂ ਸੱਦ ਲਿਆਉਂਦਾ ਸੀ, ਹੋਰ ਬਾਕੀ ਦੀਆਂ ਕੰਜਰੀਆਂ ਵਿਚੋਂ ਕਿਸੀ ਨੂੰ ਕਿਉਂ ਨਹੀਂ ਸੀ ਲੈ ਆਉਂਦਾ ?" ਸਰਕਾਰੀ ਵਕੀਲ ਨੇ ਆਪਣੀਆਂ ਅੱਖੀਆਂ ਅੱਧੀਆਂ ਜੇਹੀਆਂ ਮੀਚ ਕੇ ਤੇ ਇਕ ਚਾਲਾਕ ਸ਼ੈਤਾਨੀ ਮੁਸਕੜੀ ਭਰ ਕੇ ਪੁਛਿਆ।

"ਮੈਨੂੰ ਨਹੀਂ ਪਤਾ, ਮੈਨੂੰ ਕਿਸ ਤਰਾਂ ਇਸ ਗੱਲ ਦਾ ਪਤਾ ਹੋ ਸੱਕਦਾ ਹੈ ?" ਮਸਲੋਵਾ ਉੱਤਰ ਦਿੱਤਾ, ਪਰ ਅੱਗੇ ਪਿੱਛੇ ਇਕ ਡਰੀ ਹੋਈ ਘਿਰੀ ਹਿਰਨੀ ਵਾਂਗੂ ਚੋਫੇਰੇ ਤੱਕਦੀ ਸੀ ਤੇ ਨਿਖਲੀਊਧਵ ਵਲ ਆਪਣੀ ਨਜ਼ਰ ਟਿਕਾ ਕੇ ਕਹਿੰਦੀ ਹੈ, "ਉਹ ਉਹਨੂੰ ਬੁਲਾ ਲਿਆਉਂਦਾ ਸੀ ਜਿਹਨੂੰ ਓਹਦੀ ਮਰਜੀ ਹੁੰਦੀ ਸੀ ।"੧੧੩