ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਸਲੋਵਾ ਅਹਿਲ ਬੈਠੀ ਸੀ ਤੇ ਫਰਦ ਜੁਰਮ ਪੜ੍ਹਨ ਵਾਲੇ ਵਲ ਨੀਝ ਲਾਕੇ ਤਕ ਰਹੀ ਸੀ, ਕਦੀ ਕਦੀ ਉਹਨੂੰ ਜੋਸ਼ ਦਾ ਬੁਲਾ ਉੱਠਦਾ ਸੀ ਤੇ ਉਹਦਾ ਮੂੰਹ ਲਾਲ ਹੋ ਜਾਂਦਾ ਸੀ । ਤੇ ਉੱਠ ਕੇ ਜਵਾਬ ਦੇਣ ਨੂੰ ਹੀ ਝਪਟੇ ਮਾਰਦੀ ਸੀ, ਪਰ ਫਿਰ ਠੰਡਾ ਸਾਹ ਭਰ ਕੇ ਚੁੱਪ ਰਹਿ ਜਾਂਦੀ ਸੀ । ਤੇ ਆਪਣੇ ਹੱਥਾਂ ਦੇ ਪਾਸੇ ਬਦਲ ਕੇ ਅੱਗੇ ਪਿੱਛੇ ਵਿਹੰਦੀ ਸੀ । ਤੇ ਮੁੜ ਉਸ ਪੜ੍ਹਨ ਵਾਲੇ ਵਲ ਤੱਕਣ ਲੱਗ ਜਾਂਦੀ ਸੀ ।

ਨਿਖਲੀਊਧਵ ਆਪਣੀ ਉੱਚੀ ਪਿੱਠ ਵਾਲੀ ਕੁਰਸੀ ਉੱਪਰ ਸਬ ਥੀਂ ਅੱਗੇ ਦੀ ਕਿਤਾਰ ਵਿੱਚ ਬੈਠਾ ਹੋਇਆ ਸੀ, ਤੇ ਉਸ ਨੇ ਆਪਣੇ ਪਿਨਸਨੇਜ਼ ਨਹੀਂ ਸਨ ਉਤਾਰੇ । ਮਸਲੋਵਾ ਵਲ ਤੱਕ ਰਹਿਆ ਸੀ ਪਰ ਉਹਦੇ ਅੰਦਰ ਡਾਢੇ ਘੇਰ ਪੈ ਰਹੇ ਸਨ ਤੇ ਉਹਦੇ ਅੰਦਰ ਇਕ ਤੀਖਣ ਤੇ ਪੇਚ ਦਰ ਪੇਚ ਕਸ਼ਮਕਸ਼ ਹੋ ਰਹੀ ਸੀ ।੯੫