ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ । ਨਾਲੇ ਬੋਲੀ ਜਾਂਦਾ ਸੀ ਤੇ ਨਾਲੇ ਆਪਣੇ ਜਿਸਮ ਨੂੰ ਲਚਕਾ ਪਚਕਾ ਕੇ ਕੁਛ ਬਤਾਵੇ ਜੇਹੇ ਕਰੀ ਜਾਂਦਾ ਸੀ । ਕਦੀ ਓਹ ਆਪਣੀ ਸੱਜੀ ਬਾਂਹ ਦੀ ਖੱਬੀ ਬਾਂਹ ਉਪਰ ਢਾਸਣਾ ਲਾ ਲੈਂਦਾ ਸੀ । ਕਦੀ ਕੁਰਸੀ ਦੀ ਪਿੱਠ ਉੱਪਰ ਪਿਛੇ ਢੋਹ ਲਾ ਲੈਂਦਾ ਸੀ, ਕਦੀ ਕੁਰਸੀ ਦੀਆਂ ਬਾਹਾਂ ਉੱਪਰ ਝੁਕ ਜਾਂਦਾ ਸੀ, ਕਦੀ ਕਾਗਤਾਂ ਨੂੰ ਸਿੱਧਾ ਕਰਨ ਲਗ ਜਾਂਦਾ ਸੀ, ਕਦੀ ਪਿਨਸਲ ਨੂੰ ਹੱਥ ਵਿਚ ਘੁੰਮਾਂਦਾ, ਤੇ ਕਦੀ ਕਾਗਤ ਕੱਟਣ ਵਾਲੀ ਛੁਰੀ ਚਕ ਓਸ ਨਾਲ ਖੇਡਣ ਜੇਹਾ ਲੱਗ ਜਾਂਦਾ ਸੀ ।

ਓਸ ਨੇ ਕਿਹਾ ਕਿ ਮਿੰਬਰ ਜੋ ਪ੍ਰਸ਼ਨ ਮੁਲਜ਼ਮਾਂ ਤੇ ਕਰਨਾ ਚਾਹਣ ਪ੍ਰਧਾਨ ਦੇ ਰਾਹੀਂ ਕਰ ਸਕਦੇ ਹਨ, ਕਾਗਜ਼ ਤੇ ਪਿਨਸਲਾਂ ਸਰਕਾਰੀ ਵਰਤ ਸਕਦੇ ਹਨ, ਤੇ ਸ਼ਹਾਦਤ ਵਿਚ ਜੋ ਜੋ ਚੀਜ਼ ਆਣ ਕੇ ਪੇਸ਼ ਹੋਵੇ ਓਹ ਵੇਖ ਸੱਕਦੇ ਹਨ, ਤੇ ਓਨ੍ਹਾਂ ਦਾ ਫਰਜ਼ ਹੈ ਕਿ ਓਹ ਠੀਕ ਠੀਕ ਇਨਸਾਫ ਕਰਨ, ਕਈ ਤਰਾਂ ਦੇ ਅਸਰ ਹੇਠ ਇਨਸਾਫ ਥੀਂ ਪਰੇ ਨ ਜਾਣ, ਤੇ ਓਨ੍ਹਾਂ ਦੀ ਜਿੰਮੇਂਵਾਰੀ ਇਹ ਹੈ ਕਿ ਅਦਾਲਤ ਦੇ ਕਮਰੇ ਥੀਂ ਕਿਸੀ ਬਹਸ ਦਾ ਹਿੱਸਾ, ਯਾ ਕੋਈ ਹੋਰ ਭੇਤ ਵਾਲੀ ਗਲ ਓਹ ਕਿਸੀ ਨੂੰ ਜਾ ਕੇ ਨ ਦੱਸਣ ਤੇ ਜੇ ਦੱਸੀ ਤੇ ਸਜ਼ਾ ਦੇ ਓਹ ਭਾਗੀ ਬਣਨਗੇ । ਸਭ ਨੇ ਬੜੇ ਅਦਬ ਭਰੇ ਧਿਆਨ ਨਾਲ ਓਹ ਗੱਲਾਂ ਸੁਣੀਆਂ, ਤੇ ਓਹ ਸੌਦਾਗਰ ਜਿਦੇ ਨੇੜੇ ਦੇ ਆਲੇ ਦੁਆਲੇ ਓਹਦੇ ਮੂੰਹ ਵਿਚ ਦੀ ਆਂਦੀ ਬ੍ਰਾਂਡੀ ਦੀ ਬੂ ਫੈਲ ਰਹੀ ਸੀ, ਬੜੀ ਮੁਸ਼ਕਲ ਨਾਲ ਆਪਣੀ ਹਿਡਕੀ ਨੂੰ ਰੋਕਦਾ ਸੀ ਤੇ ਹਰ ਇਕ ਪ੍ਰਧਾਨ ਦੇ ਫਿਕਰੇ ਉੱਪਰ ਸਿਰ ਹਿਲਾਂਦਾ ਸੀ ਜਿਵੇਂ ਓਹ ਕਹਿ ਰਹਿਆ ਸੀ, ਜੀ ਠੀਕ, ਜੀ ਠੀਕ ।੮੪