ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੋਹਲ ਖੋਹਲ ਕੱਢੀਆਂ ਤੇ ਮੁੜ ਆਪਣੀਆਂ ਕਫਾਂ ਤਲੇ ਕਰਕੇ ਪਾਦਰੀ ਨੂੰ ਕਹਿਆ ਕਿ ਹਾਂ ਹੁਣ ਜੂਰੀ ਦੇ ਮੈਂਬਰਾਂ ਨੂੰ ਸੌਹਾਂ ਸੁਗੰਧਾਂ ਦੇਵੋ ।

ਪਾਦਰੀ ਸਾਹਿਬ ਹੋਰੀ ਆਏ, ਜੀ ਆਇਆਂ ਨੂੰ । ਬੁੱਢਾ ਠੇਰਾ ਪਾਦਰੀ, ਫੁੱਲਿਆ ਸੁੱਜਿਆ ਚਿਹਰਾ, ਰੰਗ ਪੀਲਾ ਭੂਕ, ਭੂਰੇ ਰੰਗ ਦਾ ਲੰਮਾ ਚੋਲਾ, ਸੋਨੇ ਦੀ ਸਲੀਬ ਲਟਕਾਈ ਹੋਈ, ਤੇ ਕੋਈ ਇਕ ਤਮਗ਼ਾ ਵੀ ਸਜਾਇਆ ਹੋਇਆ, ਆਪਣੇ ਲੰਮੇ ਚੋਲੇ ਵਿਚ ਦੀ ਮੁਸ਼ਕਲ ਨਾਲ ਆਪਣੀਆਂ ਜੰਘਾਂ ਨੂੰ ਟੋਰਦਾਂ ਓਸ ਨਿੱਕੀ ਜੇਹੀ ਈਸਾ ਦੀ ਪ੍ਰਤਿਮਾ, ਜਿਹੜੀ ਇਕ ਪਾਸੇ ਅਦਾਲਤਾਂ ਵਿਚ ਨਿੱਕੇ ਮੰਦਰ ਜੇਹੇ ਰੂਪ ਵਿਚ ਸਥਾਪਨ ਕੀਤੀ ਹੁੰਦੀ ਹੈ, ਵਲ ਗਇਆ । ਜੂਰੀ ਦੇ ਸਾਰੇ ਮੈਂਬਰ ਉੱਠੇ ਤੇ ਓਹ ਵੀ ਉਸ ਪ੍ਰਤਿਮਾ ਪਾਸ ਜਾ ਇਕੱਠੇ ਹੋਏ ।

"ਮਿਹਰਬਾਨੀ ਕਰਕੇ ਨੇੜੇ ਆਓ", ਪਾਦਰੀ ਨੇ ਅਵਾਜ਼ ਦਿੱਤੀ ਤੇ ਸੋਨੇ ਦੀ ਸਲੀਬ ਨੂੰ ਆਪਣੇ ਸੁੱਜੇ ਜੇਹੇ ਹੱਥ ਨਾਲ ਖਿੱਚ ਕੇ ਆਪਣੀ ਛਾਤੀ ਤੇ ਧਰਿਆ, ਤੇ ਉਡੀਕਣ ਲੱਗਾ ਕਿ ਸਾਰੇ ਆ ਲਵਣ ।

ਇਹ ਪਾਦਰੀ ਕੋਈ ੪੬ ਸਾਲ ਥੀਂ ਲਗਾਤਾਰ ਬਸ ਇਹੋ ਕੰਮ ਕਰਦਾ ਚਲਾ ਆਇਆ ਸੀ ਤੇ ਹੁਣ ਓਹ ਇਸ ਆਉਣ ਵਾਲੀ ਖੁਸ਼ੀ ਦੀ ਉਡੀਕ ਵਿਚ ਸੀ ਕਿ ਹੋਰ ਤਿੰਨ ਸਾਲਾਂ ਨੂੰ ਓਹ ਵੀ ਆਪਣੀ ਜੁਬਲੀ ਮਨਾਵੇਗਾ ਜਿਵੇਂ ਥੋੜਾ ਚਿਰ ਹੀ ਹੋਇਆ ਸੀ ਓਹਦੇ ਲਾਟ ਪਾਦਰੀ ਨੇ ਆਪਣੀ ਮਨਾਈ ਸੀ । ਜਦ ਦੀ ਇਹ ਫੌਜਦਾਰੀ ਕਚਹਿਰੀ ਖੁਲ੍ਹੀ ਸੀ ਤਦ ਦਾ੭੯