ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦ੍ਰਿਸ਼ ਤੀਜਾ: ਐਕਟ ਦੂਜਾ

ਗੀਤ  : ਅਰਸ਼ੀਂ ਧੂੜ ਉਡਾਂਵਦਾ ਤਿੱਖੀ ਤੇਜ ਜਿਹਦੀ ਪਰਵਾਜ਼,
ਅੱਜ ਚੂਹੇ ਖਾਣੀਆਂ ਖਾ ਲਿਆ ਇੱਕ ਸਿਓਨੇ ਰੰਗਾ ਬਾਜ।
ਲਓ ਧਰਤੀ ਮਕਤਲ ਹੋ ਗਈ ਕੁੱਖੋਂ ਜਲਦੀ ਸ਼ਮਸ਼ਾਨ,
ਸਿਖਰ ਦੁਪਹਿਰੇ ਉਤਰੀ ਕੋਈ ਕੂੜੁ ਅਮਾਵਸ ਆਣ।
ਤ੍ਰਾਹੀ ਤ੍ਰਾਹੀ ਮੱਚ ਗਈ ਜਿਉਂ ਪਰਲੋ ਭਈ ਜਹਾਨ,
ਹੋਏ ਮੁੜਕੋ-ਮੁੜਕ ਫ਼ਰਿਸ਼ਤੇ ਹੱਲੇ ਸੱਤੇ ਅਸਮਾਨ।
ਬਜ਼ੁਰਗ  : ਸੱਤਰ ਵਰ੍ਹਿਆਂ ਦਾ ਲੰਮਾ ਪੈਂਦਾ, ਕੀ ਕੁਝ ਨਹੀਂ ਮੈਂ ਇਸ ਪਿੰਡ ’ਤੇ
ਹੰਡਾਇਆ, ਕਿੰਨੀਆਂ ਹੀ ਔਰਨਾਕ ਘੜੀਆਂ, ਬੇਸ਼ੁਮਾਰ ਅਨੋਖੀਆਂ
ਘਟਨਾਵਾਂ ਤੇ ਹਾਦਸੇ ਇਨ੍ਹਾਂ ਬੁੱਢੀਆਂ ਅੱਖਾਂ ਨੇ ਤੱਕੇ ਤੇ ਬਿਸਾਰ ਦਿੱਤੇ।
ਪਰ ਇਸ ਇਕੱਲੀ ਰਾਤ ’ਚ ਬੰਦੇ ਦੀ ਏਸ ਘਿਨਾਉਣੀ ਕਰਤੂਤ ਨੇ ਸਭ
ਬੌਣਾ ਕਰ ਦਿੱਤਾ।
ਰੌਸ  : ਚਾਰੇ ਪਾਸੇ ਅਣਹੋਣੀਆਂ ਈ ਅਣਹੋਣੀਆਂ। ਓਹ ਵੇਖੋ..ਓਧਰ ਸਿਖ਼ਰ
ਦੁਪਹਿਰੇ ਘੁੱਪ ਹਨ੍ਹੇਰੇ ਨੇ ਸੂਰਜ ਦੀ ਸੰਘੀ ਘੁੱਟ ਦਿੱਤੀ! ਪਤਾ ਨਹੀਂ ਇਹ
ਹਨ੍ਹੇਰੇ ਦੀ ਜਿੱਤ ਏ ਜਾਂ ਸੂਰਜ ਈ. ਸ਼ਰਮਿੰਦਗੀ ਮਾਰੇ ਮੂੰਹ ਲੁਕੋ ਕੇ ਬਹਿ
ਗਿਐ। ਲਗਦੈ ਫ਼ਰਿਸ਼ਤੇ ਧਰਤੀ ਦੀ ਅਲਖ ਮਿਟਾਉਣ ’ਤੇ ਤੁਲ ਗਏ ਨੇ
ਉਹ ਤੇ ਸਾਰੀ ਧਰਤੀ ਨੂੰ ਈ ਸ਼ਾਇਦ ਕਤਲਗਾਹ ਸਮਝ ਬੈਠੇ ਹਨ। ਦੇਖੋ
ਤਾਂ ਸਹੀ ਇਹ ਕਿਵੇਂ ਧੁਆਂਖੀ ਪਈ ਕਬਰ ਵਾਂਗ ਪੀਲੀ ਪੈਂਦੀ ਜਾ ਰਹੀ
ਏ।
(ਦੋਹਾਂ ਦੇ ਹੱਥਾਂ ’ਚ ਲਾਲਟੈਨਾਂ ਫੜ੍ਹੀਆਂ ਹੋਈਆਂ ਹਨ।)
ਬਜ਼ੁਰਗ  : ਆਸਮਾਨਾਂ ’ਤੇ ਬਾਜਾਂ ਨੂੰ ਉੱਲੂ ਖਾ ਰਹੇ ਨੇ! ਸ਼ਾਹੀ ਘੋੜਿਆਂ ਨੇ ਸਾਰੇ
ਅਸਤਬਲ ’ਚ ਉਹ ਖੌਰੂ ਪਾਇਆ ਕਿ ਰਹੇ ਰੱਬ ਦਾ ਨਾਂ, ਰੱਸੇ ਤੁੜਾ
ਲਏ, ਖੁਰਾਂ ਨਾਲ ਧਰਤੀ ਪੁੱਟਵੇਂ ਕਿਸੇ ਦੇ ਵੱਸ ਨਾ ਆਉਣ, ਜਿਵੇਂ ਸਾਰੀ
ਮਨੁੱਖ ਜਾਤੀ ਵਿਰੁੱਧ ਜੰਗ ਦਾ ਐਲਾਨ ਕਰ ਰਹੇ ਹੋਣ।
ਰੌਸ  : ਇਸ ਤੋਂ ਵੱਧ ਅਚਰਜ ਕੀ ਹੋ ਸਕਦੈ... ਸ਼ਾਹੀ ਨਸਲ ਦੇ ਘੋੜੇ ਤੇ ਇਹੋ
ਜਿਹੀਆਂ ਜੰਗਲੀ ਕਰਤੂਤਾ
ਬਜ਼ੁਰਗ  : ਮੈਂ ਤਾਂ ਸੁਣਿਆ ਉਨ੍ਹਾਂ ਇੱਕ ਦੂਜੇ ਨੂੰ ਈ ਵੱਢ ਖਾਣਾ ਸ਼ੁਰੂ ਕਰ ਦਿੱਤੇ।

54/ਮੈਕਬਥ