ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੈਂ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ... ਇਹ ਕਸਮ ਖਾਂਦਾ ਹਾਂ ਤੁਹਾਡੇ
ਸਾਹਮਣੇ..ਕਿ ਮੈਂ ਇਸ ਸਾਜਿਸ਼ ਦਾ ਪਰਦਾਫ਼ਾਸ਼ ਕਰਨ ਲਈ ਜਾਨ
ਲੜਾ ਦਿਆਂਗਾ ਆਪਣੀ!
ਮੈਕਡਫ਼  : ਮੈਨੂੰ ਵੀ ਆਪਣੇ ਨਾਲ਼ ਈ ਸਮਝੋ।
ਮੈਕਬਥ  : (ਪ੍ਰਵੇਸ਼) ਹਾਂ-ਹਾਂ, ਅਸੀਂ ਸਾਰੇ ਇਕੱਠੇ ਹਾਂ!
ਮੈਕਡਫ਼  : ਤੁਰੰਤ ਸਭ ਨੂੰ ਖ਼ਾਸ ਦੀਵਾਨ 'ਚ ਇਕੱਠੇ ਹੋਣ ਦਾ ਹੁਕਮ ਦਿਓ। ਉੱਥੇ
ਈ ਮਿਲਾਂਗੇ।
(ਸਭ ਨਿਕਲ ਜਾਂਦੇ ਹਨ।)
ਮੈਲਕਮ  : (ਸ਼ਹਿਜ਼ਾਦੇ ਨੂੰ ਰੋਕਦੇ ਹੋਏ) ਸਾਨੂੰ ਇਨ੍ਹਾਂ ਦੀਆਂ ਗੱਲਾਂ 'ਚ ਨਹੀਂ ਆਉਣਾ
ਚਾਹੀਦਾ। ਮੱਕਾਰੀ ਝੂਠੇ ਦੁੱਖ ਪ੍ਰਗਟਾਉਣ 'ਚ ਮਾਹਿਰ ਹੁੰਦੀ ਏ! ਮੈਂ ਤੇ ਸੋਚ ਲਿਐ, ਇੰਗਲੈਂਡ
ਜਾਵਾਂਗਾ!
ਸ਼ਹਿਜ਼ਾਦਾ  : ਤੇ ਮੈਂ ਆਇਰਲੈਂਡ! ਮੈਨੂੰ ਤੇ ਇਨ੍ਹਾਂ ਦੇ ਹੰਝੂਆਂ 'ਚ ਵੀ ਛੁਰੇ ਲਿਸ਼ਕਦੇ
ਦਿਸਦੇ ਨੇ। ਅੱਡੋ-ਅੱਡ ਜਾਣ 'ਚ ਈ ਬਚਾਅ ਐ, ਹੋਰ ਕੋਈ ਚਾਰਾ!
ਨਹੀਂ!
ਮੈਲਕਮ  : ਕਾਤਿਲ ਦਾ ਹਾਲੇ ਤਾਈਂ ਕੁਝ ਪਤਾ ਨਹੀਂ! ਛੇਤੀ ਤੋਂ ਛੇਤੀ ਕਿਸੇ
ਮਹਿਫ਼ੂਜ਼ ਥਾਂ 'ਤੇ ਪਹੁੰਚਣਾ ਚਾਹੀਦੈ।
ਸ਼ਹਿਜ਼ਾਦਾ  : ਤੂੰ ਠੀਕ ਕਹਿ ਰਿਹਾਂ। ਅਸੀਂ ਮਹਾਰਾਜ ਦੇ ਵਾਰਿਸ ਹਾਂ! ਉਨ੍ਹਾਂ ਦਾ
ਆਪਣਾ ਖੂਨ! ਜਿਹੜੀ ਗੱਲ ਕੱਲ੍ਹ ਤਾਈਂ ਸਾਡਾ ਸੁਭਾਗ ਸੀ, ਅੱਜ
ਬਦ-ਕਿਸਮਤੀ ਦਾ ਐਲਾਨ ਬਣ ਗਈ!
ਮੈਲਕਮ  : ਕੁਝ ਨਹੀਂ ਬਚਿਆ ਏਥੇ, ਕਿਸੇ ਨੂੰ ਸਾਡੇ ਨਾਲ਼ ਹਮਦਰਦੀ ਨਹੀਂ! ਬਸ
ਜਿੰਨੀ ਛੇਤੀ ਹੋ ਸਕੇ ਖੁਦ ਨੂੰ ਬਚਾ ਕੇ ਨਿਕਲ ਜਾਓ!
ਸ਼ਹਿਜ਼ਾਦਾ  : ਹਾਂ! ਹੋਰ ਹੈ ਵੀ ਕੀ ਬਚਾਉਣ ਨੂੰ ... (ਦੋਹੇਂ ਏਧਰ-ਓਧਰ ਦੇਖਦੇ ਹਨ।)
ਮੈਲਕਮ  : ਕਿਸੇ ਨੂੰ ਭਿਣਕ ਨਹੀਂ ਪੈਣੀ ਚਾਹੀਦੀ!
ਸ਼ਹਿਜ਼ਾਦਾ  : (ਰੋਣਹੱਕਾ) ਰੱਬ ਰਾਖਾ!
(ਦੋਹੇਂ ਗਲ਼ੇ ਮਿਲਦੇ ਹਨ ਤੇ ਉਲਟ ਦਿਸ਼ਾਵਾਂ ਵੱਲ ਨਿਕਲ ਜਾਂਦੇ ਹਨ।

53/ਮੈਕਬਥ