ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੋਈ ਦਿਓ ਹੋਣ। (ਖ਼ੁਦ ਨਾਲ) ਲਾਸ਼ ’ਚੋਂ ਖੂਨ ਤਾਂ ਚੱਲ ਹੀ ਰਿਹਾ
ਹੋਵੇਗਾ! ਮੈਂ ਉਸਨੂੰ ਪਹਿਰੇਦਾਰਾਂ ਦੇ ਮੂੰਹ ’ਤੇ ਮਲ਼ ਦਿਆਂਗੀ। ਸ਼ੱਕ ਸਿੱਧਾ
ਉਨ੍ਹਾਂ ’ਤੇ ਜਾਣਾ ਚਾਹੀਦੈ। (ਜਾਂਦੀ ਹੈ)
ਮੈਕਬਥ  : ਦਰਵਾਜ਼ਾ ਖੜਕਿਐ... ਕੌਣ ਹੋਏਗਾ?..ਓਫ਼... ਇਹ ਮੈਨੂੰ ਕੀ ਹੋ ਰਿਹੈ।
ਮਾਸਾ ਜਿਹਾ ਖੜਾਕ ਵੀ ਮੇਰੀ ਜਾਨ ਕੱਢ ਲੈਂਦੈ। (ਹੱਥਾਂ ਵੱਲ ਦੇਖ ਕੇ)
ਇਨ੍ਹਾਂ ਹੱਥਾਂ ਦਾ ਕੀ ਕਰਾਂ। ਕਿੱਥੇ ਸੁੱਟਾਂ? ਇਹ ਮੋਰੀਆਂ ਅੱਖਾਂ ’ਚ ਸੂਲਾਂ
ਵਾਂਗ ਚੁੱਭਦੇ..! ਓ ਜਲ ਦੇਵਤਾ..ਕੀ ਤੇਰੇ ਸਮੁੰਦਰਾਂ ’ਚ ਇੰਨਾ ਪਾਣੀ
ਵੀ ਨਹੀਂ... ਜੋ ਏਸ ਰੱਤੀ ਭਰ ਖੂਨ ਨੂੰ ਧੋ ਸਕੇ! ਨਹੀਂ ਸਾਗਰਾਂ ਦਾ ਸਾਰਾ
ਪਾਣੀ ਵੀ ਇਸ ਲਈ ਕਾਫੀ ਨਹੀਂ, ਤੂੰ ਪਰ੍ਹਾਂ ਰਹਿ.. ਦੂਰ ਰਹਿ ਮੈਥੋਂ, ਮੇਰੇ
ਇਹ ਹੱਥ ਤੇਰੇ ਨਿਰਮਲ ਨੀਲੇ ਪਾਣੀਆਂ ਨੂੰ ਪਲੀਤ ਕਰ ਦੇਣਗੇ। ਖ਼ੂਨ
ਵਰਗਾ ਸੂਹਾ ਤੇ ਗੰਧਲਾ।
ਲੇਡੀ ਮੈਕਬਥ  : (ਪ੍ਰਵੇਸ਼) ਹੱਥ ਤਾਂ ਹੁਣ ਮੇਰੇ ਵੀ ਤੇਰੇ ਵਰਗੇ ਨੇ ਲਹੂ ਨਾਲ ਲਿਬੜੇ।
ਪਰ ਮੇਰਾ ਦਿਲ ਤੇਰੇ ਵਰਗਾ ਮਰੀਅਲ ਨਹੀਂ। ਸ਼ਰਮ ਆਉਂਦੀ ਏ ਮੈਨੂੰ ਤੇਰੇ
’ਤੇ...ਕੋਈ ਆ ਰਿਹੈ। (ਬਿੜਕ ਲੈਂਦੇ ਹੋਏ) ਦੱਖਣ ਵਾਲੇ ਪਾਸਿਓਂ।
ਸਾਨੂੰ ਆਪਣੇ ਕਮਰੇ ’ਚ ਹੋਣਾ ਚਾਹੀਦੇ। (ਮੈਕਬਥ ਹਾਲੇ ਵੀ ਆਪਣੇ
ਹੱਥਾਂ ਨੂੰ ਘੂਰ ਰਿਹਾ ਹੈ। ਉਹ ਖਿਝ ਜਾਂਦੀ ਹੈ) ਓ, ਹੋ...! ਕੁਝ ਨਹੀਂ
ਹੋਇਆ ਇਨ੍ਹਾਂ ਨੂੰ। ਬਾਲਟੀ ਪਾਣੀ ਦੀ ਪਾ... ਤੇ ਬਸ... ਫੇਰ ਕਿਸੇ ਨੂੰ
ਕੁਝ ਪਤਾ ਨੀ ਲੱਗਣਾ। ਤੇਰੀ ਤਾਂ ਮਰਦਾਨਗੀ ਨੂੰ ਪਤਾ ਨੀ ਕੀ ਲਕਵਾ
ਮਾਰ ਗਿਐ। ਛੇਤੀ ਕਰ... ਉਹ ਨੇੜੇ ਆ ਰਹੇ ਨੇ। ਸੋਚਾਂ ’ਚ ਡੁੱਬਣ ਦਾ
ਵੇਲ਼ਾ ਨਹੀਂ। (ਖਿੱਚਦੀ ਹੈ) ਮੂਰਖ ਨਾ ਬਣ ਚੱਲ ਏਥੋਂ। ਜੇ ਕਿਸੇ ਨੇ ਸਾਨੂੰ
ਏਥੇ ਦੇਖ ਲਿਐਂ ਤਾਂ ਮੁਸੀਬਤ ਹੋ ਜਾਣੀ (ਲੈ ਕੇ ਜਾਂਦੀ ਹੈ)
ਮੈਕਬਥ  : ਆਪਣੇ ਕੁਕਰਮਾਂ ਨੂੰ ਦੇਖਣ ਨਾਲ਼ੋਂ ਤਾਂ ਮੈਂ ਪਾਗਲ ਹੋ ਜਾਵਾਂ।
ਲੇਡੀ ਮੈਕਬਥ  : ਤੁਰ ਵੀ ਹੁਣ!
ਲੇਡੀ ਮੈਕਬਥ  : ਕਿੰਨਾ ਚੰਗਾ ਹੋਵੇ ਜੇ ਮੈਂ ਆਪਣੇ ਆਪ ਨੂੰ ਹੀ ਭੁੱਲ ਜਾਵਾਂ! ਛੁਟਕਾਰਾ!
(ਲੇਡੀ ਮੈਕਬਥ ਖਿੱਚਦੀ ਹੈ। ਆਵਾਜ਼ਾਂ ਨੇੜੇ ਆ ਰਹੀਆਂ ਹਨ। ਮੈਕਬਥ
ਉਸਨੂੰ ਧੱਕਾ ਦਿੰਦਾ ਹੈ।) ਬਾਦਸ਼ਾਹ ਸਲਾਮਤ ਉਠੋ... ਜਾਗੋ..ਵੇਖੋ ਇਹ
ਆਵਾਜ਼ਾਂ ਤੁਹਾਨੂੰ ਜਗਾ ਰਹੀਆਂ ਨੇ।
ਲੇਡੀ ਮੈਕਬਥ  : ਮੂਰਖ ਨਾ ਬਣ! ਚੱਲ ਏਥੋਂ!
ਲੇਡੀ ਮੈਕਬਥ  : (ਆਵਾਜ਼ਾਂ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕਰਦਾ ਹੈ) ਤੁਸੀਂ ਉੱਠ ਸਕਦੇ
ਹੋ, ...ਸੱਚ! (ਵਿਲਕਦਾ ਹੈ) ਕਾਸ਼! ਸੱਚੀਓ ਤੁਸੀਂ ਉੱਠ ਸਕਦੇ.......

45/ਮੈਕਬਥ