ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੈਕਬਥ  : ਜਦੋਂ ਮੈਂ ਭੱਜਿਆ ਆ ਰਿਹਾ ਸੀ ਏਧਰ, ਆਪਣੇ ਈ ਘਰ ’ਚ...ਚੋਰਾਂ
ਵਾਂਗ!
ਲੇਡੀ ਮੈਕਬਥ  : ਹਾਂ-ਹਾਂ! ਉਦੋਂ ਈ! ...ਪਰ ਤੂੰ ਆਵਾਜ਼ ਕਿਉਂ ਨਹੀਂ ਦਿੱਤੀ। ਕੁਝ ਭੁੱਲਿਆ
ਤਾਂ ਨਹੀਂ?
ਮੈਕਬਥ
ਮੈਕਬਥ  : ਮੈਂ ਕਰ ਦਿੱਤਾ,.. ਆਪਣੇ ਹੱਥੀਂ... (ਉਸਨੂੰ) ਨਾਲ਼ ਦੇ ਕਮਰੇ ’ਚ ਕੌਣ
ਸੀ
ਲੇਡੀ ਮੈਕਬਥ  : ਛੋਟਾ ਸ਼ਹਿਜ਼ਾਦਾ
ਮੈਕਬਥ  : (ਹੱਥਾਂ ਵੱਲ ਦੇਖਦਾ ਹੈ) ਓਫ਼ ਹੋ ਕਿੰਨਾ ਘਿਨਾਉਂਣਾ ਹੈ ਏਹ!
ਲੇਡੀ ਮੈਕਬਥ  : ਮੂਰਖਾਂ ਵਾਲੀ ਗੱਲ ਨਾ ਕਰ।...ਕੁਝ ਨਹੀਂ ਹੋਇਆ। ਦਿਮਾਗ਼ ’ਚੋਂ ਕੱਢ
ਦੇ ਸਭ ਕੁਝ!
ਮੈਕਬਥ  : ਉਹ ਪਹਿਰੇਦਾਰ ਸੀ ਨਾ (ਕੰਬ ਜਾਂਦਾ) ਹੱਸ ਰਿਹਾ ਸੀ ਇੱਕ ਜਣਾ ਸੁੱਤਾ
ਪਿਆ ਈ। ਦੂਜਾ.. ਚੀਖਾਂ ਮਾਰ ਰਿਹਾ ਸੀ.... ਖ਼ੂਨ....... ਖ਼ੂਨ! ਜਿਵੇਂ
ਇੱਕ-ਦੂਜੇ ਨੂੰ ਜਗਾ ਰਹੇ ਹੋਣ। ਮੈਂ ਖ਼ੁਦ ਸੁਣਿਆ..ਸੁੰਨ ਹੋ ਗਿਆ ਸੀ
ਮੈਂ ਤੇ! ਪਰ ਉਨ੍ਹਾਂ ਅਰਦਾਸ ਕੀਤੀ ਤੇ ਵੱਖ ਲੈ ਕੇ ਮੁੜ ਸੌਂ ਗਏ।
ਲੇਡੀ ਮੈਕਬਥ  : ਉਹ ਤੇ ਦੋਹੇਂ ਇੱਕੋ ਮੰਜੇ ਤੇ ਸੌਂ ਰਹੇ ਸੀ।
ਮੈਕਬਥ  : ਉਹ ਬੁੜਬੁੜਾ ਰਿਹਾ ਸੀ, “ਸਭ ਦਾ ਭਲਾ ਕਰੀਂ ਰੱਬਾ।” ਦੂਜੇ ਨੇ ਕਿਹਾ
ਆਮੀਨ। ਉਨ੍ਹਾਂ ਮੈਨੂੰ ਦੇਖ ਲਿਆ ਸੀ ਲਹੂ ਭਿੱਜੇ ਹੱਥਾਂ ਸਣੇ! ਨਾ ...ਨਾ
ਹਾਂ ਕੁਝ ਨਹੀਂ ਨਿਕਲਿਆ ਮੇਰੇ ਮੂੰਹੋਂ!
(ਲੇਡੀ ਮੈਕਬਥ ਦੇ ਮੋਢੇ ਫੜ੍ਹ ਕੇ ਝੰਜੋੜਦਾ ਹੈ। ਉਹ ਖੁਦ ਨੂੰ ਛੁਡਾਉਂਦੀ
ਹੋਈ ਮੂੰਹ ਮੋੜ ਲੈਂਦੀ ਹੈ।)
ਲੇਡੀ ਮੈਕਬਥ  : ਕਿਹਾ ਨਾ... ਇਹੋ ਜਿਹੀਆਂ ਗੱਲਾਂ ਨੀ ਸੋਚੀਦੀਆਂ।
ਮੈਕਬਥ  : (ਖ਼ੁਦ ਨਾਲ) ਪਰ ਮੈਂ ਬੋਲ ਕਿਓਂ ਨਾ ਸਕਿਆ? ਸ਼ਬਦ ਮੇਰੇ ਗਲ਼ੇ ’ਚ ਈ
ਫਸ ਕੇ ਰਹਿ ਗਏ। ਮੈਨੂੰ ਤਾਂ ਰੱਬ ਦੀ ਮੋਹਰ ਦੀ ਸਭ ਤੋਂ ਵੱਧ ਲੋੜ ਸੀ।
ਲੇਡੀ ਮੈਕਬਥ  : (ਚੀਖ ਕੇ) ਚੁੱਪ ਰਹਿ! (ਮੈਕਬਥ ਡਰਿਆ ਉਸ ਵੱਲ ਦੇਖਦਾ ਹੈ। ਪਿਆਰ
ਨਾਲ) ਦੇਖ... ਸਾਨੂੰ ਇੰਝ ਨਹੀਂ ਸੋਚਣਾ ਚਾਹੀਦਾ। ਨਹੀਂ ਤਾਂ ਅਸੀਂ
ਪਾਗ਼ਲ ਹੋ ਜਾਵਾਂਗੇ।
ਮੈਕਬਥ  : ਮੇਰੇ ਕੰਨ ਸਾਂ-ਸਾਂ ਕਰ ਰਹੇ ਹਨ। ਇਹ ਆਵਾਜ਼ਾਂ ਕਿੱਥੋਂ ਆ ਰਹੀਆਂ.....
(ਆਪ ਹੀ ਚੀਖਦਾ ਹੈ) ਜਾਗੋ.. ਉੱਠੋ.... ਉੱਠੋ... ਨੀਂਦ ਨਹੀਂ ਰਹੀ,
ਉਸਦਾ ਕਤਲ ਹੋ ਗਿਐ!
ਲੇਡੀ ਮੈਕਬਥ  : ਮੈਕਬਥ ਸੰਭਲ ਕੀ ਕਰ ਰਿਹਾ ਏਂ ਤੂੰ! ਸੰਭਲ।

43/ਮੈਕਬਥ