ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਜ਼ਾਕ ਉਡਾ ਰਹੇ ਨੇ ਆਪਣੇ ਫ਼ਰਜ਼ ਦਾ।
ਮੈਕਬਥ  : (ਉਸਨੂੰ ਲਗਦਾ ਹੈ ਜਿਵੇਂ ਉਸਨੂੰ ਕਿਹਾ ਗਿਆ ਹੋਵੇ) ਹੈਂਅ!
ਲੇਡੀ ਮੈਕਬਥ  : ਕੁਝ ਨਹੀਂ, ਮੈਂ ਸ਼ਰਾਬ ’ਚ ਜ਼ਹਿਰ ਘੋਲ ਦਿੱਤੀ ਸੀ। ਉਹ ਬੇਵਕੂਫ਼ ਹੁਣ
ਜ਼ਿੰਦਗੀ ਤੇ ਮੌਤ ਵਿਚਾਲੇ ਝੂਲਦੇ ਰਹਿਣਗੇ।
ਮੈਕਬਥ  : ’ਤੇ ਉਨ੍ਹਾਂ ਦੇ ਖੰਜਰ
ਲੇਡੀ ਮੈਕਬਥ  : ਲੁਕੋ ਦਿੱਤੇ... ਦਰਵਾਜ਼ੇ ਪਿੱਛੇ। (ਜਾਣ ਲਗਦਾ) ਸਭ ਚੰਗੀ ਤਰ੍ਹਾਂ ਯਾਦ
ਐ ਨਾ! ਭੁੱਲੀਂ ਨਾ ਕੁਝ!
ਮੈਕਬਥ  : ਹਾਂ! ਇਹੋ ਸਮਾਂ ਏ! ਚੰਗਾ, ਹੁਣ ਮੈਂ ਜਾਨਾਂ। (ਤੇਜ਼ੀ ਨਾਲ਼ ਜਾਂਦਾ ਹੈ)
ਲੇਡੀ ਮੈਕਬਥ  : (ਪਿੱਛੋਂ) ਧਿਆਨ ਨਾਲ। ਹੇ ਮੇਰੇ ਪਰਮਾਤਮਾ। (ਇੱਕੋ ਘੁੱਟ ’ਚ ਸਾਰੀ
ਸ਼ਰਾਬ ਪੀ ਜਾਂਦੀ ਹੈ) ਇਸੇ ਸ਼ਰਾਬ ਨੇ ਉਨ੍ਹਾਂ ਨੂੰ ਬੇਹੋਸ਼ ਕੀਤਾ ਤੇ ਇਹੋ
 ਮੇਰੇ ਅੰਦਰ ਕਿਵੇਂ ਦਲੇਰੀ ਭਰ ਰਹੀ ਏ! ਇਸੇ ਨੇ ਉਨ੍ਹਾਂ ਦੀ ਪਿਆਸ
ਬੁਝਾਈ... ਤੇ ਮੇਰੇ ਅੰਦਰ ਇਹ ਲਾਂਬੂ ਲਾਉਂਦੀ ਜਾਂਦੀ। (ਬਿੜਕ ਲੈਂਦੇ
ਹੋਏ) ਕੌਣ ਏ (ਕੰਨ ਲਾ ਕੇ ਸੁਣਦੀ ਹੈ। ਉੱਲੂ ਦੀ ਚੀਖ ਸੁਣ ਕੇ ਹੱਸਦੀ
ਹੈ।) ਸ਼ੀ...ਅ... ਰਾਤਾਂ ਦਾ ਇਹ ਪਹਿਰੇਦਾਰ ਵੀ ਸਲਾਮੀ ਦੇ ਰਿਹਾ
ਬਾਦਸ਼ਾਹ ਸਲਾਮਤ ਨੂੰ! (ਵਿਅੰਗ ’ਚ) ਅੰਤਮ ਸਲਾਮੀ! ਹੁਣ ਤਾਈਂ ਤਾਂ
ਮੈਕਬਥ ਪਹੁੰਚ ਗਿਆ ਹੋਵੇਗਾ..ਵੇਖਾਂ ਤਾਂ ਸਹੀ.. (ਸਾਈਡ ’ਤੇ ਜਾ ਕੇ
ਬਾਹਰ ਝਾਤੀ ਮਾਰਦੀ ਹੈ। ਦਰਬਾਰੇ ਤਾਂ ਖੁੱਲ੍ਹੇ ਨੇ..., ਦਿਖਦਾ ਕੁਝ
ਨਹੀਂ, ਪਤਾ ਨਹੀਂ ਕੀ ਹੋ ਰਿਹਾ ਅੰਦਰ (ਵਾਪਸ ਆਉਂਦੇ ਹੋਏ) ਉਹ
ਦੋਹੇਂ ਤਾਂ ਉਵੇਂ ਈ ਪਏ ਲਕਦੇ ਨੇ... ਪਤਾ ਨਹੀਂ ਜਿਉਂਦੇ ਨੇ ਕਿ ਮੋਏ!
ਮੈਕਬਥ  : (ਪਿੱਛੋਂ) ਕੌਣ ਏ? ਕੌਣ ਏ ਉੱਥੇ?
ਲੇਡੀ ਮੈਕਬਥ  : ਹਾਏ ਮੈਂ ਮਰ ਗਈ। ਉਹ ਜ਼ਰੂਰ ਜਾਗ ਗਏ ਹੋਣਗੇ। ਹੁਣ ਕੀ ਬਣੂ? ਜੇ
ਉਹ ਬਚ ਗਿਆ ਤੇ...ਅਸੀਂ ਤਾਂ ਮਾਰੇ ਜਾਵਾਂਗੇ। ਮੈਂ ਉਸ ਬੱਚੇ ਨੂੰ ਆਪ
ਈ ਮਾਰ ਦਿੰਦੀ, ਪਰ ਸੱਤਾ ਪਿਆ ਉਹ ਬਿਲਕੁਲ ਮੇਰੇ ਪਿਓ ਵਰਗਾ
ਲਗਦਾ ਸੀ। ਹਾਏ-ਹਾਏ..., ਇਹ ਮੈਂ ਕੀ ਕੀਤਾ..., ਮੈਨੂੰ ਸੋਚਣਾ ਨਹੀਂ
ਸੀ ਚਾਹੀਦਾ। (ਖੜਾਕ ਸੁਣਕੇ) ਕੌਣ ਏ..
ਮੈਕਬਥ  : (ਸਾਧੋ-ਸਾਹੀ ਹੋਇਆ ਆਉਂਦਾ ਹੈ। ਮੈਂ ਕਰ ਦਿੱਤਾ..ਮੈਂ ਕਰ ਦਿੱਤਾ... ਤੂੰ
ਸੁਣਿਆ ਨਹੀਂ..
ਲੇਡੀ ਮੈਕਬਥ  : ਹਾਂ-ਹਾਂ। ਉੱਲੂ ਬੋਲਿਆ ਸੀ ਤੇ ਬੀਂਡੇ ਵੀ।
ਮੈਕਬਥ  : ਕੀ, ਸੁਣਿਆ ਤੂੰ ਕਦੋਂ (ਚੀਖਦਾ)
ਲੇਡੀ ਮੈਕਬਥ  : (ਸਹਿਮੀ) ਹੁਣੇ-ਹੁਣੇ!

42/ਮੈਕਬਥ