ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(ਘੜਿਆਲ ਵੱਜਦਾ ਹੈ)
ਬੈਂਕੋ  : ਰੱਬ ਰਾਖਾ। (ਜਾਂਦਾ ਹੈ)
(ਨੌਕਰ ਆਉਂਦਾ ਹੈ।
ਮੈਕਬਥ  : ਜਾ ਕੇ ਆਪਣੀ ਮਾਲਕਿਨ ਨੂੰ ਕਹਿ... ਸਾਡੇ ਪੀਣ ਦਾ ਸਮਾਨ ਤਿਆਰ
ਹੋ ਜਾਵੇ ਤਾਂ ਘੜਿਆਲ ਵਜਾ ਦੇਵੇ ਤੇ ਸੁਣ.. ਤੂੰ ਵੀ ਹੁਣ ਜਾ ਕੇ ਆਰਾਮ
ਕਰ।
(ਨੌਕਰ ਜਾਂਦਾ ਹੈ। ਚੁੜੇਲਾਂ ਛੁਰੇ ਨੂੰ ਮੈਕਬਬ ਦੀਆਂ ਅੱਖਾਂ ਮੂਹਰੇ
ਘੁਮਾਉਂਦੀਆਂ ਹਨ।)
ਮੈਕਬਥ  : (ਹੈਰਾਨ) ਹੈਂ ਇਹ ਕੀ?..ਛੁਰਾ ਲਗਦੈ, ਮੇਰੀਆਂ ਅੱਖਾਂ ਦੇ ਸਾਹਮਣੇ...
ਹਵਾ ’ਚ ਤੈਰ ਰਿਹੈ! (ਸਿਰ ਝਟਕਾਂਦਾ ਹੈ) ਇਹ ਮੇਰੇ ਵੱਲ ਇਵੇਂ ਕਿਓਂ
ਝਾਕ ਰਿਹੈ। ਮੁੱਠਾ ਵੀ ਮੇਰੇ ਵੱਲ ਏ। ਮੇਰੇ ਹੱਥਾਂ ਨੂੰ ਖਿੱਚ ਰਿਹੈ! ਸੱਦਾ
ਦੇ ਰਿਹੈ,... ਫੜ੍ਹ ਲਵਾਂ!
(ਛੁਰੇ ਦੇ ਪਿੱਛੇ ਭੱਜਦਾ ਹੈ, ਝਪਟਦਾ ਹੈ, ਪਰ ਚੁੜੇਲਾਂ ਉਸਦੇ ਹੱਥ ਨਹੀਂ
ਆਉਣ ਦਿੰਦੀਆਂ। ਛੁਰੇ ਨਾਲ਼ ਗੱਲਾਂ ਕਰਦਾ ਹੈ।)
ਆ... ਉਰੇ ਆ... ਮੇਰੇ ਕੋਲ਼ (ਫੇਰ ਝਪਟਦਾ ਹੈ) ਨੇੜੇ ਕਿਓਂ ਨਹੀਂ
ਆਉਂਦਾ, ਪਰ ਓਹਲੇ ਵੀ ਤਾਂ ਨਹੀਂ ਹੁੰਦਾ। (ਛੁਰੇ ਨੂੰ) ਏ ਏ ਸੱਚ..ਸੱਚ
ਦੱਸ ਤੂੰ ਹੈ ਵੀ ਜਾਂ ਐਵੇਂ ਭੁਲੇਖਾ ਈ ਏਂ! ਝੂਠੀ ਘਾੜਤ, ਮਨ ਦੀ ਸ਼ੈਤਾਨੀ
ਜੋ ਮੈਨੂੰ ਉਲਝਾ ਰਹੀ ਏ, ਪਰ ਫੇਰ ਤੂੰ ਐ..ਮੈਨੂੰ ਨਜ਼ਰ ਕਿਵੇਂ ਆ
ਸਕਦੈਂ! ਮੈਂ ਤੈਨੂੰ ਮਹਿਸੂਸ ਕਰ ਸਕਦਾ! ਨਹੀਂ, ਜ਼ਰੂਰ ਕੋਈ ਛਡੇਲਾ
ਏਂ! ਮੇਰੇ ਦਿਮਾਗ਼ ਦੀ ਭੱਠੀ ’ਚੋਂ ਨਿਕਲਿਆ ਕੋਈ ਫ਼ਿਤਨਾ।
(ਕਾਹਲ਼ੀ ਨਾਲ਼ ਆਪਣਾ ਛੁਰਾ ਕੱਢਦਾ ਹੈ ਤੇ ਦੋਹਾਂ ਨੂੰ ਮਿਲਾ ਕੇ ਦੇਖਦਾ
ਹੈ।
ਇਹ ਤਾਂ ਹਾਲੇ ਵੀ ਉੱਥੇ ਈ ਏ; ਉਂਝ ਦਾ ਉਂਝ, ਹੂ-ਬ-ਹੂ ਮੇਰੇ ਛੁਰੇ
ਵਰਗਾ, ਫੜਫੜਾਉਂਦਾ, ਠੋਸ ਤੇ ਧੜਕਦਾ! ਤੂੰ ਮੈਨੂੰ ਕਿੱਥੇ ਲੈ ਕੇ ਜਾ
ਰਿਹੈਂ! ਇਹ ਕਿਹੜੀ ਰਾਹ ਹੈ।..
(ਗੱਲਾਂ ਕਰਦਾ ਹੋਇਆ ਛੁਰੇ ਦੇ ਪਿੱਛੇ-ਪਿੱਛੇ ਦੌੜਦਾ ਹੈ।)
ਚੁੜੇਲ ੧  : ਹੋਰ ਕੋਈ ਰਾਹ ਨਹੀਂ!
ਚੁੜੇਲ ੨  : ਕੋਈ ਚਾਰਾ ਨਹੀਂ!
ਚੁੜੇਲ ੩  : ਦੇਖ.. ਮੈਂ ਤੇਰੇ ਲਈ ਆਂ!
ਚੁੜੇਲ ੧  : ਤੇਰੀ ਵਰਤੋਂ ਲਈ...

39/ ਮੈਕਬਥ