ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਫ਼ਲੀਐਂਸ  : ਜੀ ਬਹੁਤ ਅੱਛਾ।
(ਮੈਕਬਥ ਤੇ ਬੈਂਕੋ ਉਸਨੂੰ ਜਾਂਦੇ ਹੋਏ ਦੇਖਦੇ ਹਨ। ਬੈਂਕੋ ਮੈਕਬਥ ਦੀਆਂ
ਨਜ਼ਰਾਂ ਤਾੜਦੇ ਹੋਏ ਉਸਨੂੰ ਮੁਖਾਤਬ ਹੁੰਦਾ ਹੈ।
ਬੈਂਕੋ  : ਮਹਾਰਾਜ ਦੀ ਖੁਸ਼ੀ ਦਾ ਤਾਂ ਅੱਜ ਕੋਈ ਹੱਦ-ਹਿਸਾਬ ਹੀ ਨਹੀਂ ਸੀ!
ਸੱਚਮੁੱਚ
ਮੈਕਬਥ  : (ਤ੍ਰਭਕ ਕੇ) ਓ ਨਹੀਂ ਬਹੁਤ ਘਾਟਾਂ ਰਹਿ ਗਈਆਂ। ਸਮਾਂ ਈ ਕਿੱਥੇ
ਮਿਲਿਐ। ਸਭ ਕੁਝ ਇੰਨਾ ਅਚਾਨਕ ਤਾਂ ਹੋਇਆ
ਬੈਂਕੋ  : (ਹੱਥ ਫੜ੍ਹ ਕੇ) ਕਿਓਂ ਐਵੇਂ ਮਨ ’ਤੇ ਭਾਰ ਪਾਇਆ! ਸਭ ਠੀਕ-ਠਾਕ
ਤਾਂ ਹੋ ਗਿਐ। ਇੰਨਾ ਖੁਸ਼ ਤਾਂ ਮੈਂ ਉਨ੍ਹਾਂ ਨੂੰ ਕਦੇ ਦੇਖਿਆ ਈ ਨਹੀਂ!
ਨੌਕਰਾਂ-ਚਾਕਰਾਂ ਦੇ ਘਰ ਭਰ ਦਿੱਤੇ ਤੇ ਉਹ ਕਿੰਨਾ ਬੇਸ਼ਕੀਮਤੀ ਹੀਰਾ
ਤੁਹਾਡੀ ਬੇਗ਼ਮ ਲਈ..! ਕੀ ਕਿਹਾ ਸੀ ਉਨ੍ਹਾਂ ਨੇ..., ਹਾਂ, ”ਦੁਨੀਆ
ਦੀ ਸਭ ਤੋਂ ਵਧ ਮਹਿਮਾਨ ਨਿਵਾਜ਼ ਤੇ ਰਹਿਮਦਿਲ ਔਰਤ।”
ਮੈਕਬਥ  : (ਅੱਖਾਂ ਚੁਰਾਉਂਦੇ ਹੋਏ) ਹਾਂ... ਹਾਂ! ਫੇਰ ਵੀ...ਰੀਝਾਂ ਤੇ ਰਹਿ ਹੀ
ਜਾਂਦੀਆਂ... ਥੋੜ੍ਹਾ ਮੌਕਾ ਹੋਰ ਮਿਲਦਾ ਤਾਂ ਸ਼ਾਇਦ ਅਸੀਂ ਕੁਛ ਕਰਨ
ਜੋਗੇ ਹੁੰਦੇ! ਪਰ....
ਬੈਂਕੋ  : (ਕੱਟਦਾ ਹੈ) ਉਹ ਮੇਰੇ ਸੁਫ਼ਨੇ ’ਚ ਆਈਆਂ ਸਨ! ਤਿੰਨੇ ਦੀਆਂ ਤਿੰਨੇ!
ਉਹੀ ਅਜੀਬ ਭੇਸ।
ਮੈਕਬਥ  : (ਪਿੱਛਾ ਛੁਡਾਉਂਦੇ ਹੋਏ) ਮੈਂ ਏਸ ਵੇਲੇ ਉਨ੍ਹਾਂ ਬਾਰੇ ਸੋਚਣਾ ਵੀ ਨਹੀਂ
ਚਾਹੁੰਦਾ।
ਬੈਂਕੋ  : ਪਰ ਉਨ੍ਹਾਂ ਨੇ ਤੇਰੇ ਬਾਰੇ ਇੰਨਾ ਕੁਝ ਦੱਸਿਆ! ਤੇ ਬਹੁਤ ਕੁਝ ਤਾਂ ਸੱਚ
ਵੀ ਹੋ ਗਿਐ!
ਮੈਕਬਥ  : ਕਿਹਾ ਨਾ, ਫੇਰ ਕਿਸੇ... ਵੇਹਲੇ ਟਾਇਮ ਇਸ ਬਾਰੇ ਗੱਲ ਕਰਾਂਗੇ।
ਬੈਂਕੋ  : ਮੇਰੇ ਕੋਲ ਤਾਂ ਵੇਹਲ ਹੀ ਵੇਹਲ ਹੈ।
ਮੈਕਬਥ  : ਜੇ ਤੂੰ ਮੇਰੇ ਨਾਲ਼ ਹੈਂ ਤਾਂ ਮੈਂ ਤੈਨੂੰ ਇਹ ਮਾਣ ਛੇਤੀ ਓ ਬਖ਼ਸ਼ਾਂਗਾ। (ਰਾਜ਼
ਭਰੇ ਅੰਦਾਜ਼ ’ਚ) ਉਸੇ ’ਚ ਤੇਰਾ ਦੀ ਫ਼ਾਇਦੈ!
ਬੈਂਕੋ  : ਜਿੱਥੇ ਤਾਈਂ ਰੂਹ ’ਤੇ ਬੋਝ ਨਾ ਪਵੇ ਤੇ ਵਫ਼ਾਦਾਰੀ ਬੇਦਾਗ਼ ਰਹੇ... ਮੈਂ ਤੇਰੇ
ਨਾਲ਼ ਹਾਂ, ਪਰ ਕੁਝ ਪਾਉਣ ਦੇ ਚੱਕਰ ’ਚ ਮੈਂ ਸਾਰਾ ਕੁਝ ਦਾਅ ’ਤੇ
ਲਾਉਣ ਨੂੰ ਰਾਜ਼ੀ ਨਹੀਂ। ਇਹ ਖ਼ਤਰਾ ਮੈਂ ਨਹੀਂ ਸਹੇੜ ਸਕਦਾ। (ਅੱਖਾਂ
’ਚ ਝਾਕਦਾ ਹੋਇਆ) ਪਰ ਗੱਲ ਤਾਂ ਤੇਰੀ ਜ਼ਰੂਰ ਸੁਣਾਂਗਾ।
ਮੈਕਬਥ  : ਠੀਕ ਹੈ! ਓਨੀ ਦੇਰ ਲਈ ਰੱਬ ਰਾਖਾ!

38/ ਮੈਕਬਥ