ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਐਕਟ ਦੂਜਾ: ਦ੍ਰਿਸ਼ ਪਹਿਲਾ

(ਰਾਤ ਦਾ ਸਮਾਂ। ਕਿਲ੍ਹੇ ਵਿੱਚਲਾ ਇੱਕ ਵੇਹੜਾ ਜਿੱਥੇ ਪਰੇਸ਼ਾਨ ਬੈਂਕੋ ਘੁੰਮ ਰਿਹਾ ਹੈ। ਪਿੱਛੋਂ
ਉਸਨੂੰ ਚੁੜੇਲਾਂ ਦੀਆਂ ਆਵਾਜ਼ਾਂ ਤੇ ਹਾਸਾ ਸੁਣਾਈ ਪੈਂਦਾ ਹੈ; “ਘੱਟ ਦੋ ਰੱਤੀਆਂ ਮੈਕਬਥ
ਤਾਈਂ ਪਰ ਦੋ ਗਿੱਠਾਂ ਉੱਤੇ;.. ਰਾਜਭਾਗ ਤੇਰੇ ਨਹੀਂ ਮੁਕੱਦਰੀਂ...ਰਾਜ ਕਰਨ ਤੇਰੇ ਬੱਚੇ!” ਬੈਂਕੋ
ਤਰੇਲੀਓ ਤਰੇਲੀ ਹੋਇਆ ਖੜ੍ਹਾ ਹੈ।)

ਗੀਤ  : ਕਿਵ ਸਚਿਆਰਾ ਮੈਂ ਬੀਆਂ ਕਿੰਸ ਕੂੜ ਦੀ ਟੁੱਟੇ ਕੰਧ,
ਰੁਕਾਂ ਤਾਂ ਡੋਬੂ ਦਿਲ ਪਵੇ ਤੁਰਾਂ ਦਿਖੇ ਨਾ ਪੰਧ!
ਕਾਲ ਜਣੇਪਾ ਕੱਟ ਰਿਹਾ ਕੁੱਖ ਵਿੱਚ ਲੁਕਿਆ ਕੀ,
ਗੁਲ ਲੋਚੇਂ ਗੁਲਮੋਹਰ ਦੇ ਤੇ ਅੱਗ ਦੇ ਬੀਜੇ ਬੀਅ!
(ਮਸ਼ਾਲ ਲਈ ਉਸਦਾ ਪੁੱਤਰ ਫ਼ਲੀਐਂਸ ਆਉਂਦਾ ਹੈ। ਬੈਂਕੋ ਥੋੜ੍ਹਾ
ਚੌਂਕਦਾ ਹੈ।
ਬੈਂਕੋ  : (ਹੌਕਾ) ਰਾਤ ਕਿੰਨੀ ਕੁ ਬਚੀ ਹੋਵੇਗੀ, ਕੀ ਵੱਜਿਆ?
ਫ਼ਲੀਐਂਸ  : (ਘੜਿਆਲ ਦੀ ਆਵਾਜ਼ ਤਾਂ ਮੈਂ ਸੁਣੀਂ ਨੀ। ਪਰ ਟੈਮ ਕਾਫ਼ੀ ਜ਼ਿਆਦਾ
ਹੋ ਗਿਆ। ਚੰਨ ਤਾਂ ਹੁਣ ਬਸ ਛਪਣ ਵਾਲਾ ਈ ਲਗਦਾ।
ਬੈਂਕੋ  : ਅੱਜਕੱਲ ਇਹ ਵੀ ਜਲਦੀ ਓ ਛਿਪ ਜਾਂਦੈ। ਆਸਮਾਨ ਵੀ ਕਿੰਨਾ ਸੂਮ
ਹੋ ਗਿਆ... ਟਾਵੇਂ-ਟਾਵੇਂ ਤਾਰੇ ਤੇ ਉਹ ਵੀ ਕਿੰਨੇ ਬੁਝੇ-ਬੁਝੇ! ਇੱਕ ਮਿੰਟ
ਜ਼ਰਾ ਮੇਰੀ ਤਲਵਾਰ ਸਾਂਭ! (ਹੌਕਾ) ਅੱਖਾਂ ਤਾਂ ਭਾਰੀਆਂ ਹੋ ਰਹੀਆਂ ਪਰ
ਫ਼ਰਜ਼ ਜਾਗਣ ਲਈ ਕਹਿ ਰਿਹਾ, ਨਹੀਂ, (ਸਿਰ ਝਟਕਦਾ ਹੈ) ਮੈਂ
ਸੋਵਾਂਗਾ ਨਹੀਂ। ਅੱਜ ਦੀ ਰਾਤ ਤਾਂ ਹਰਗਿਜ਼ ਨਹੀਂ। (ਗੋਡਿਆਂ ਭਾਰ
ਹੋ ਕੇ ਅਰਦਾਸ ਕਰਦਾ ਹੈ) ਹੇ ਕ੍ਰਿਪਾਲੂ ਦੇਵਤਿਓ! ਮੈਨੂੰ ਇਨ੍ਹਾਂ ਭੈੜੇ
ਖ਼ਿਆਲਾਂ ਤੋਂ ਦੂਰ ਰੱਖੋ, ਜੋ ਸੁਫਨਿਆਂ ਵਿੱਚ ਵੀ ਮੈਨੂੰ ਚੈਨ ਨਹੀਂ ਲੈਣ
ਦਿੰਦੇ! ਮੇਹਰ ਕਰੋ ਮੇਰੇ ’ਤੇ! ਮੇਹਰ ਕਰੋ.. ਮੇਹਰ ਕਰੋ! (ਉੱਠਕੇ ਆਪਣੀ
ਤਲਵਾਰ ਫੜ੍ਹਦਾ ਹੈ ਤੇ ਖੜਕਾ ਸੁਣ ਕੇ) ਕੌਣ ਹੈ ਓਥੇ?:
ਮੈਕਬਥ  : (ਪ੍ਰਵੇਸ਼) ਤੁਹਾਡਾ ਮਿੱਤਰ!
ਬੈਂਕੋ  : ਓ.... ਤਾਂ ਜਨਾਬ ਹਾਲੇ ਤਾਈਂ ਸੁੱਤੇ ਨਹੀਂ। (ਪੁੱਤਰ ਨੂੰ) ਤੇ ਤੁਸੀਂ ਹੁਣ
ਆਰਾਮ ਕਰੋ ਬੇਟਾ ਜੀ। ਮੈਂ ਥੋੜੀ ਦੇਰ ਆਪਣੇ ਮਿੱਤਰ ਨਾਲ਼ ਦਿਲ ਹੌਲ਼ਾ ਕਰਾਂਗਾ।

37/ਮੈਕਬਥ