ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪਰ ਜੇ ਮੈਂ ਇੱਕ ਵਾਰ ਫ਼ੈਸਲਾ ਕਰ ਲਵਾਂ ਤਾਂ ਮੈਨੂੰ ਰੋਕ ਕੋਈ ਨਹੀਂ
ਸਕਦਾ... (ਆਪਣਾ ਢਿੱਡ ਨੋਚਣ ਲਗਦੀ ਹੈ)
ਮੈਕਬਥ  : ਇਹ ਤੂੰ ਕੀ ਕਰ ਰਹੀ ਏਂ?
ਲੇਡੀ ਮੈਕਬਥ  : ਛੱਡ ਦੇ ਮੈਨੂੰ। ਮੈਂ ਚਾਹਾਂ ਤਾਂ ਛਾਤੀ ਨਾਲੋਂ ਲਾਹ ਕੇ ਉਸਦਾ ਸਿਰ ਜ਼ਮੀਨ
’ਤੇ ਦੇ ਮਾਰਾਂ ਖੱਖੜੀ ਵਾਂਗ, ਉਸਦੀ ਖੋਪੜੀ ਫੇਂਹ ਸੁੱਟਾਂ। (ਵਿਅੰਗ) ਤੇ
ਤੂੰ.... ਤੇਰੇ ਤਾਂ ਹੱਥ ਕੰਬ ਰਹੇ ਨੇ। (ਮਜ਼ਾਕ ਉਡਾਉਂਦੀ ਹੈ)
ਮੈਕਬਥ  : ਪਰ ਅਸੀਂ ਨਾਕਾਮ ਵੀ ਤਾਂ ਹੋ ਸਕਦੇ ਆਂ।
ਲੇਡੀ ਮੈਕਬਥ  : (ਖਿਝ ਕੇ) ਤੂੰ ਇਹ ਸੋਚ ਵੀ ਕਿਵੇਂ ਸਕਦੈਂ। ਤੈਨੂੰ ਬਸ ਆਪਣੇ ’ਤੇ ਕਾਬੂ
ਪਾਉਣਾ ਪਵੇਗਾ। ਹੌਸਲਾ ਤੇ ਸਾਬਤ ਕਦਮੀ, ਬਸ...ਫੇਰ ਕੋਈ ਵਜ੍ਹਾ
ਨਹੀਂ ਨਕਾਮੀ ਦੀ। ਸਫ਼ਰ ਦਾ ਥੱਕਿਆ-ਟੁੱਟਿਆ ਉਹ ਤੇ ਉਂਝ ਹੀ
ਬੇਹੋਸ਼ੀ ਦੀ ਹਾਲਤ ’ਚ ਪਿਆ ਹੋਵੇਗਾ ਤੇ ਉਨ੍ਹਾਂ ਪਹਿਰੇਦਾਰਾਂ ਦੀ ਤਾਂ ਮੈਂ
ਐਸੀ ਖ਼ਾਤਿਰ ਕਰਾਂਗੀ... ਸ਼ਰਾਬ ਨਾਲ ਕਿ ਬਸ ਮਿੱਟੀ ਦੇ ਲੋਦਿਆਂ
ਵਾਂਗ ਪਏ ਰਹਿਣਗੇ... ਬੇਜਾਨ ਫੇਰ ਕੌਣ ਆਏਗਾ ਉਸਨੂੰ ਬਚਾਉਣ!.. ਤੇ
ਸਾਡੇ ’ਤੇ ਸ਼ੱਕ ਵੀ ਕੌਣ ਕਰੇਗਾ। ਕੌਣ ਸੋਚ ਸਕਦੈ! ਸਾਰਾ ਇਲਜ਼ਾਮ
ਉਨ੍ਹਾਂ ਸ਼ਰਾਬੀ ਪਹਿਰੇਦਾਰਾਂ ’ਤੇ ਮੜ੍ਹ ਦਿਆਂਗੇ। ਸ਼ਰਾਬ ਉਂਝ ਵੀ ਤਾਂ ਬੰਦੇ
ਦਾ ਦਿਮਾਗ਼ ਬੱਜ ਕਰ ਦਿੰਦੀ ਐ। ...ਨਸ਼ੇ ’ਚ ਬੰਦਾ ਕੁਝ ਵੀ ਕਰ
ਦਿੰਦਾ ਕੁਝ ਵੀ। ਅਣਕਿਆਸਿਆ!
(ਮੈਕਬਥ ਕੀਲਿਆ ਜਿਹਾ ਸਾਰੀ ਗੱਲ ਸੁਣਦਾ ਹੈ। ਉਸਦੀਆਂ ਅੱਖਾਂ ’ਚ
ਚਮਕ ਆ ਜਾਂਦੀ ਹੈ। ਤਾਰੀਫ਼ ਭਰੀਆਂ ਨਜ਼ਰਾਂ ਨਾਲ਼ ਦੇਖਦੇ ਹੋਏ।)
ਮੈਕਬਥ  : ਸੱਚ! ਤੇਰੇ ਵਰਗੀ ਨਿਡਰ ਮਿੱਟੀ ਦੀ ਔਰਤ ਸਿਰਫ਼ ਨਰ ਬੱਚਿਆਂ ਨੂੰ
ਈ ਜਨਮ ਦਿੰਦੀ ਹੈ। ਸਿਰਫ਼ ਤੇ ਸਿਰਫ਼ ਮਰਦ ਬੱਚੇ। ਉਨ੍ਹਾਂ ਦੇ ਹੀ
ਭਾਲਿਆਂ ਨਾਲ ਕਤਲ ਕਰਕੇ ਸੁੱਤੇ ਪਿਆਂ ਦੇ ਮੂੰਹ ’ਤੇ ਖੂਨ ਮਲ
ਦਿਆਂਗੇ। ਹਰ ਕੋਈ ਸਮਝੇਗਾ ਕਿ ਕਤਲ ਉਨ੍ਹਾਂ ਨੇ ਕੀਤੈ।
ਲੇਡੀ ਮੈਕਬਥ  : ਹੋਰ ਤੇ ਕੋਈ ਕੁਝ ਸੋਚ ਵੀ ਨਹੀਂ ਸਕਦਾ। ਅਸੀਂ ਰੋ-ਰੋ ਬੇਹਾਲ ਹੋ
ਜਾਵਾਗੇ! ਕੀਰਨੇ ਪਾਵਾਂਗੇ!
ਮੈਕਬਥ  : ਬਸ ਹੋ ਗਿਐ ਫ਼ੈਸਲਾ। ਆਪਣੀ ਸਾਰੀ ਤਾਕਤ ਨਿਚੋੜ ਦਿਆਂਗਾ ਮੈਂ!
ਝੋਕ ਦਿਆਂਗਾ ਸਾਰੀ ਸ਼ਕਤੀ ਇਸ ਦਿਸ਼ਾ ’ਚ। (ਖੁਦ ਨਾਲ) ਜਾ-ਜਾ
ਮੈਕਬਥ ਜਾ.., ਆਪਣੇ ਚੇਹਰੇ ’ਤੇ ਇੱਕ ਸੋਹਣੀ ਜਿਹੀ ਮੁਸਕਾਨ
ਚਿਪਕਾ ਕੇ ਰਖ, ਦੁਨੀਆ ਦੇ ਅੱਖੀਂ ਘੱਟਾ ਪਾਉਣ ਨੂੰ। ਤੇ ਛੁਪਾ ਕੇ ਰੱਖ
ਆਪਣੇ ਦਿਲ ਨੂੰ ਆਪਣੇ ਤੋਂ।

35/ਮੈਕਬਥ