ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਾਰ ਤੇਰੇ ਹੱਥ ਕੰਬਣ ਲੱਗੇ, ਰੰਗ ਪੀਲਾ ਪੈ ਗਿਐ। ਹੰਅ! ਅਜਿਹੇ ਮਰਦ
ਦੇ ਪਿਆਰ ਦਾ ਵੀ ਕੀ ਭਰੋਸਾ, ਜਿਹੜਾ ਘੜੀ-ਘੜੀ ਆਪਣਾ ਦਿਲ
ਬਦਲਦਾ...
ਮੈਕਬਥ  : ਤੂੰ ਕੁਝ ਸਮਝਦੀ ਨਹੀਂ...
ਲੇਡੀ ਮੈਕਬਥ  : ਇਹੀ...... ਕਿ ਤੇਰੇ ’ਚ ਆਪਣਿਆਂ ਹੀ ਰੀਝਾਂ ਨੂੰ ਪੂਰਾ ਕਰਨ ਦੀ
ਹਿੰਮਤ ਨਹੀਂ। ਤੂੰ ਕਾਇਰ ਏਂ, ਡਰਪੋਕ ਏਂ ਤੂੰ।
ਮੈਕਬਥ  : (ਗਰਜਦਾ ਹੈ) ਰੱਬ ਦੇ ਵਾਸਤੇ...
ਲੇਡੀ ਮੈਕਬਥ  : ਕੀ ਤੇਰੇ ’ਚ ਐਨੀ ਵੀ ਹਿੰਮਤ ਨਹੀਂ ਕਿ ਸਾਹਮਣੇ ਆਈ ਮੰਜ਼ਿਲ ਵੱਲ
ਇੱਕ ਕਦਮ ਵੀ ਪੁੱਟ ਸਕੇਂ। ਮੰਜ਼ਲ.... ਜੋ ਮਕਸਦ ਸੀ ਤੇਰੀ ਜ਼ਿੰਦਗੀ
ਦਾ!
ਮੈਕਬਥ  : ਮੈਂ ਕਿਹਾ ਨਾ ਤੂੰ,,
ਲੇਡੀ ਮੈਕਬਥ  : ਬਾਦਸ਼ਾਹਤ ਕਮਜ਼ੋਰਾਂ ਦਾ ਗਹਿਣਾ ਨਹੀਂ ਹੋ ਸਕਦੀ। ਤੇਰੀ ਹਾਲਤ ਤਾਂ
ਉਸ ਬਿੱਲੀ ਵਰਗੀ ਏ ਜਿਹੜੀ ਸ਼ਿਕਾਰ ਨੂੰ ਦਬੋਚਣਾ ਤਾਂ ਚਾਹੁੰਦੀ ਏ...
(ਮਜ਼ਾਕ ਉਡਾਉਂਦੇ ਹੋਏ) ਪਰ ਡਰਦੀ ਏ...ਕਿ ਉਸਦੇ ਪੰਜੇ ਖ਼ੂਨ ਨਾਲ਼ ਲਿਬੜ ਜਾਣਗੇ!
ਮੈਕਬਥ  : (ਗਲ਼ਾ ਫੜ੍ਹ ਲੈਂਦਾ ਹੈ) ਰੱਬ ਦੇ ਵਾਸਤੇ ਚੁੱਪ ਕਰ...ਜਾ, ਮੈਂ ਕੁਝ
ਵੀ ਕਰ ਸਕਦਾਂ। ਕੁਝ ਵੀ। ਡਰਪੋਕ ਨਹੀਂ ਹਾਂ ਮੈਂ। ਕਿਸੇ ’ਚ ਹਿੰਮਤ ਹੈ ਮੇਰੇ
ਸਾਹਮਣੇ ਖੜ੍ਹਨ ਦੀ। (ਫੇਰ ਸਰੀਰ ਢਿੱਲਾ ਪੈ ਜਾਂਦਾ) ਪਰ ਇਹ ਮੇਰੇ
ਵੱਸ ’ਚ ਨਹੀਂ... ਕਤਲ ਨਹੀਂ ਕਰ ਸਕਦਾ ਮੈਂ!
ਲੇਡੀ ਮੈਕਬਥ  : ਫੇਰ ਉਹ ਕਿਹੜਾ ਦੈਂਤ ਸੀ ਜਿਸਨੇ ਇਹ ਤਜਵੀਜ਼ ਰੱਖੀ ਸੀ। ਕਿੱਥੇ ਹੈ
ਹੁਣ ਤੇਰੇ ਅੰਦਰਲਾ ਉਹ ਯੋਧਾ। ਨਹੀਂ, ਤੂੰ ਉਹ ਨਹੀਂ। ਤੂੰ ਉਹ ਹੋ ਹੀ
ਨਹੀਂ ਸਕਦਾ। ਉਸ ਅੰਦਰ ਤਾਕਤ ਸੀ ਸਮੇਂ ਦਾ ਗੁੱਟ ਮਰੋੜਨ ਦੀ,
ਹਾਲਾਤ ਨੂੰ ਪਟਖਨੀ ਦੇਣ ਦੀ! ਤੇ ਤੂੰ..... ਜੱਦ ਸਾਰਾ ਕੁਝ ਝੋਲੀ ’ਚ
ਆਇਆ ਪਿਆ.., ਤੇਰੀ ਹਿੰਮਤ ਜਵਾਬ ਦੇ ਗਈ! ਤੂੰ ਉਹ ਕਿਵੇਂ ਹੋ
ਸਕਦੈਂ! ਮੈਨੂੰ ਸੁਫ਼ਨੇ ਦਿਖਾ ਕੇ ਹੁਣ ਤੂੰ ਇੰਝ ਭੱਜ ਨਹੀਂ ਸਕਦਾ,
(ਚੀਖਦੀ ਹੈ) ਇੰਝ ਨਹੀਂ ਕਰ ਸਕਦਾ ਤੂੰ ਮੇਰੇ ਨਾਲ।
ਮੈਕਬਥ  : ਕਿਹਾ ਨਾ ਮੈਂ ਨਹੀਂ ਕਰ ਸਕਦਾ।
ਲੇਡੀ ਮੈਕਬਥ  : ਮੈਂ ਕਰ ਸਕਦੀ ਆਂ। ਮੈਂ..! (ਮੈਕਬਥ ਹੈਰਾਨੀ ਨਾਲ਼ ਉਸ ਵੱਲ ਦੇਖਦਾ
ਰਹਿ ਜਾਂਦਾ ਹੈ। ਇੱਕ ਮਾਂ ਜਾਣਦੀ ਏ, ਛਾਤੀ ਨਾਲ਼ ਲੱਗੇ ... ਦੁਧ ਚੁੰਘਦੇ
ਜੁਆਕ ਦਾ ਨਿੱਘ,, ਜੋ ਅੰਦਰ ਈ ਅੰਦਰ ਤੁਹਾਨੂੰ ਪਿਘਲਾ ਦਿੰਦਾ ਹੈ।

34/ਮੈਕਬਥ