ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੈਕਬਥ  : ਉਸਦੀ ਹੱਤਿਆ ਦੀ ਖਬਰ ਲੋਕਾਂ ਦੀਆਂ ਅੱਖਾਂ ’ਚੋਂ ਗੁੱਸੇ ਤੇ ਹੰਝੂਆਂ ਦਾ
ਹੜ੍ਹ ਬਣ ਕੇ ਉੱਠੇਗੀ, ਤੇ ਤੈਨੂੰ ਜੜ੍ਹੋਂ ਪੁੱਟ ਸੁੱਟੇਗੀ।
(ਚੁਫ਼ੇਰਿਓਂ ਚੀਖਾਂ ਕੂਕਾਂ ਦਾ ਤੂਫ਼ਾਨ ਉੱਠਦਾ ਹੈ। ਡਰਿਆ ਹੋਇਆ ਮੈਕਬਥ
ਹਵਾ ’ਚ ਤਲਵਾਰਾਂ ਮਾਰਦਾ ਹੈ।)
ਮੈਕਬਥ  : ਮੈਂ ਕਾਇਰ ਨਹੀਂ, ਇਹ ਖਾਰੇ ਅੱਥਰੂ ਮੇਰਾ ਕੁਝ ਨਹੀਂ ਬਿਗਾੜ ਸਕਦੇ।
(ਹੰਭ ਕੇ ਰੁਕ ਜਾਂਦਾ ਹੈ, ਸ਼ੋਰ ਥੰਮ੍ਹਦਾ ਹੈ।), ਉਹ ਮੇਰੇ ਮਨਸੂਬਿਆਂ ’ਤੇ
ਪਾਣੀ ਵੀ ਤਾਂ ਫੇਰ ਸਕਦੇ ਨੇ। ਸੰਭਲ ਜਾ.. ਮੈਕਬਥ ਸੰਭਲ ਜਾ... ਕੋਈ
ਵਜ੍ਹਾ ਵੀ ਤਾਂ ਨਹੀਂ ਤੇਰੇ ਕੋਲ ਉਸਦੇ ਕਤਲ ਦੀ..., ਸਿਵਾਏ ਹਰ ਹੀਲੇ
ਅੱਗੇ ਵਧਣ ਦੀ ਤੇਰੀ ਇਸ ਨੀਚ ਖ਼ਾਹਿਸ਼ ਦੇ। ਵਕਤ ਹੈ ਸੰਭਲ ਜਾ।
ਗੋਢਿਆਂ ਭਰਨੇ ਰਿੜਦੇ ਬੱਚੇ ਵਾਂਗ ਤੂੰ ਹਵਾਵਾਂ ਦੇ ਮੂੰਹਜ਼ੋਰ ਘੋੜੇ ’ਤੇ
ਸਵਾਰੀ ਕਰਨਾ ਚਾਹੁੰਦੇਂ।
(ਮੈਕਬਥ ਚੁੜੇਲਾਂ ਨੂੰ ਲਗਾਮ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਮੂਧੇ ਮੂੰਹ
ਡਿਗਦਾ ਹੈ। ਉਹ ਖਿੜ-ਖਿੜਾਉਂਦੀਆਂ ਜਾਂਦੀਆਂ ਹਨ। ਲੇਡੀ ਮੈਕਬਥ
ਦੌੜੀ ਆਉਂਦੀ ਹੈ ਤੇ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ।) ਤੂੰ ਨਹੀਂ
ਕਰ ਸਕਦਾ। ਇਨ੍ਹਾਂ ਤੇ ਕਿਸੇ ਦਾ ਜ਼ੋਰ ਨਹੀਂ। ਇਹ ਅਣਹੋਣੀ ਤ੍ਰਿਸ਼ਨਾ
ਸਰਵਨਾਸ਼ ਕਰ ਛੱਡੇਗੀ ਤੇਰਾ!
ਲੇਡੀ ਮੈਕਬਥ  : ਕੀ ਹੋਇਆ, ਕੀ ਹੋਇਆ ਤੁਹਾਨੂੰ।
ਮੈਕਬਥ  : (ਉੱਠਦਾ ਹੈ) ਕੁਝ ਨਹੀਂ। ਉਹ ਕੀ ਕਰ ਰਿਹੈ!
ਲੇਡੀ ਮੈਕਬਥ  : ਦਾਵਤ ਤੇ ਬਸ ਖ਼ਤਮ ਈ ਏ, ਪਰ ਤੂੰ ਇਸ ਤਰ੍ਹਾਂ ਬਾਹਰ ਕਿਉਂ ਆ
ਗਿਆ।
ਮੈਕਬਥ  : (ਕਾਹਲੀ ਤੇ ਘਬਰਾਹਟ) ਉਸਨੇ ਮੇਰੇ ਬਾਰੇ ਪੁੱਛਿਆ?
ਲੇਡੀ ਮੈਕਬਥ  : ਇਹ ਤਾਂ ਕੁਦਰਤੀ ਏ! ਪਰ ਤੂੰ ਤਾਂ ਖੁਦ ਈ ਸ਼ੱਕੀ ਮਾਹੌਲ ਬਣਾ ਰਿਹੈਂ।
ਮੈਕਬਥ  : ਬਸ! ਅਸੀਂ ਇਸ ਸਭ ਕੁਝ ਨੂੰ ਏਥੇ ਈ ਠੱਪ ਦਿਆਂਗੇ।
ਲੇਡੀ ਮੈਕਬਥ  : ਕੀ........?
ਮੈਕਬਥ  : ਦੇਖ ਉਸਨੇ ਮੇਰਾ ਕਿੰਨਾ ਮਾਣ ਵਧਾਇਆ। ਅੱਜ ਸਾਰੀ ਲੋਕਾਈ ਮੇਰੇ
ਸੋਹਲੇ ਗਾਉਂਦੀ ਨਹੀਂ ਥੱਕਦੀ। ਕਿੰਨਾ ਸੱਜਰਾ ਤੋਂ ਤਾਜ਼ਾ ਏ ਇਹ ਸਭ।
ਆਪਣੇ ਹੱਥੀਂ ਤਬਾਹ ਨਹੀਂ ਕਰ ਸਕਦਾ ਮੈਂ ਇਸਨੂੰ। ਨਹੀਂ... ਮੈਂ
ਸੁਫ਼ਨਿਆਂ ਪਿੱਛੇ ਨਹੀਂ ਭੱਜ ਸਕਦਾ।
ਲੇਡੀ ਮੈਕਬਥ  : ਸ਼ਹਿਨਸ਼ਾਹ ਬਣਨ ਦੀ ਉਹ ਖਾਹਿਸ਼... ਐਨੀ ਛੇਤੀ ਮੁਰਝਾ ਗਈ? ’
(ਵਿਅੰਗ ’ਚ) ਜਾਂ ਫੇਰ ਉਦੋਂ ਤੂੰ ਸੁੱਤਾ ਈ ਪਿਆ ਸੀ, ਤੇ ਹੁਣ ਜਾਗਦੇ

33/ਮੈਕਬਥ