ਪੰਨਾ:ਮੈਂ ਨਾਸਤਿਕ ਕਿਉਂ ਹਾਂ? – ਭਗਤ ਸਿੰਘ.pdf/1

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਨਾਸਤਿਕ ਕਿਉਂ ਹਾਂ?

ਨਵੀਂ ਸਮੱਸਿਆ ਹੋਰ ਖੜ੍ਹੀ ਹੋ ਗਈ ਹੈ। ਕੀ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਹਿੱਤਕਾਰੀ ਰੱਬ ਦੀ ਹੋਂਦ ਵਿੱਚ ਮੇਰਾ ਅਵਿਸ਼ਵਾਸ ਮੇਰੇ ਅਹੰਕਾਰ ਕਰਕੇ ਹੈ? ਮੈਨੂੰ ਕਦੇ ਚਿੱਤ ਚੇਤਾ ਵੀ ਨਹੀਂ ਸੀ ਕਿ ਮੈਨੂੰ ਕਿਸੇ ਵੇਲੇ ਇਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਆਪਣੇ ਕੁੱਝ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਹੈ ਕਿ ਮੇਰੇ ਕੁਝ ਦੋਸਤਾਂ (ਜੇ ਦੋਸਤੀ ਦਾ ਇਹ ਦਾਅਵਾ ਗ਼ਲਤ ਨਾ ਹੋਵੇ) ਨੇ ਮੇਰੇ ਨਾਲ ਥੋੜ੍ਹੇ ਜਿਹੇ ਮੇਲ ਜੋਲ ਮਗਰੋਂ (ਭਾਈ ਰਣਧੀਰ ਸਿੰਘ ਵੱਲ ਇਸ਼ਾਰਾ) ਹੀ ਇਹ ਸਿੱਟਾ ਕੱਢ ਲਿਆ ਕਿ ਮੇਰਾ ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਮੇਰੀ ਹਿਮਾਕਤ ਹੈ ਅਤੇ ਇਹ ਵੀ ਕਿ ਮੇਰਾ ਅਹੰਕਾਰ ਹੀ ਮੇਰੇ ਅਵਿਸ਼ਵਾਸ ਦਾ ਕਾਰਨ ਹੈ। ਫਿਰ ਵੀ ਸਮੱਸਿਆ ਤਾਂ ਗੰਭੀਰ ਹੀ ਹੈ। ਇਨ੍ਹਾਂ ਇਨਸਾਨੀ ਵਤੀਰਿਆਂ ਤੋਂ ਉੱਪਰ ਹੋਣ ਦਾ ਮੈਂ ਦਾਅਵਾ ਨਹੀਂ ਕਰਦਾ। ਮੈਂ ਵੀ ਆਖ਼ਰ ਇਨਸਾਨ ਹਾਂ, ਇਸ ਤੋਂ ਵੱਧ ਕੁੱਝ ਨਹੀਂ ਤੇ ਨਾ ਹੀ ਕੋਈ ਇਸ ਤੋਂ ਵੱਧ ਹੋਣ ਦਾ ਦਾਅਵਾ ਕਰ ਸਕਦਾ ਹੈ। ਮੇਰੇ ਵਿੱਚ ਵੀ ਇੱਕ ਕਮਜ਼ੋਰੀ ਹੈ। ਅਹੰਕਾਰ ਮੇਰੇ ਸੁਭਾਅ ਦਾ ਵੀ ਇਕ ਅੰਗ ਹੈ। ਮੈਂ ਆਪਣੇ ਸਾਥੀਆਂ ਵਿੱਚ ਤਾਨਾਸ਼ਾਹ ਕਰਕੇ ਜਾਣਿਆ ਜਾਂਦਾ ਸਾਂ। ਇੱਥੋਂ ਤੱਕ ਕਿ ਮੇਰਾ ਦੋਸਤ ਬੀ.ਕੇ.ਦੱਤ ਕਦੀ-ਕਦੀ ਮੈਨੂੰ ਤਾਨਾਸ਼ਾਹ ਕਹਿੰਦਾ ਹੁੰਦਾ ਸੀ। ਕਈ ਮੌਕਿਆਂ ਉੱਤੇ ਮੈਨੂੰ ਹੈਂਕੜਬਾਜ਼ ਵੀ ਕਿਹਾ ਗਿਆ। ਕੁੱਝ ਦੋਸਤ ਪੂਰੀ ਗੰਭੀਰਤਾ ਨਾਲ ਦੋਸ਼ ਲਾਉਂਦੇ ਰਹੇ ਕਿ ਮੈਂ ਦੂਜਿਆਂ 'ਤੇ ਆਪਣੀ ਰਾਇ ਮੜ੍ਹਦਾ ਹਾਂ ਅਤੇ ਆਪਣੀ ਗੱਲ ਮੰਨਵਾ ਲੈਂਦਾ ਹਾਂ। ਮੈਂ ਇਨਕਾਰ ਨਹੀਂ ਕਰਦਾ ਕਿ ਇਹ ਗੱਲ ਕਿਸੇ ਹੱਦ ਤੱਕ ਸਹੀ ਹੈ। ਇਸ ਨੂੰ ਅਹੰਵਾਦ ਵੀ ਕਿਹਾ ਜਾ ਸਕਦਾ ਹੈ। ਜਿੱਥੋਂ ਤੱਕ ਸਮਾਜ ਦੀਆਂ ਰੂੜੀਵਾਦੀ ਰਵਾਇਤਾਂ ਦੇ ਵਿਰੋਧ ਦਾ ਸਵਾਲ ਹੈ, ਮੈਂ ਅਹੰਕਾਰੀ ਹਾਂ, ਪਰ ਇਹ ਜ਼ਾਤੀ ਗੱਲ ਨਹੀਂ। ਇਹ ਆਪਣੇ ਵਿਚਾਰਾਂ 'ਤੇ ਮਾਣ ਵਾਲੀ ਗੱਲ ਹੈ, ਇਸਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ। ਅਭਿਮਾਨ ਜਾਂ ਕਹਿ ਲਓ ਅਹੰਕਾਰ ਕਿਸੇ ਮਨੁੱਖ ਵਿੱਚ ਲੋੜੋਂ ਵੱਧ ਆਪਣੇ ਆਪ ਦਾ ਪ੍ਰਗਟਾਵਾ ਹੁੰਦਾ ਹੈ। ਕੀ ਮੈਂ ਬੇਲੋੜੇ ਮਾਣ ਕਰਕੇ ਨਾਸਤਿਕ ਬਣਿਆ ਹਾਂ ਜਾਂ ਇਸ ਵਿਸ਼ੇ 'ਤੇ ਡੂੰਘਾ ਮੁਤਾਲਿਆ ਕਰਨ ਮਗਰੋਂ ਅਤੇ ਗੰਭੀਰ ਸੋਚ ਵਿਚਾਰ ਮਗਰੋਂ ਨਾਸਤਿਕ ਬਣਿਆ ਹਾਂ? ਇਹ ਸਵਾਲ ਹੈ, ਜਿਸ ਬਾਰੇ ਮੈਂ ਇੱਥੇ ਚਰਚਾ ਕਰਨਾ ਚਾਹੁੰਦਾ ਹਾਂ, ਸਭ ਤੋਂ ਪਹਿਲੇ ਇਹ ਨਬੇੜਾ ਕਰ ਲਈਏ ਕਿ ਅਭਿਮਾਨ ਤੇ ਅਹੰਕਾਰ ਦੋ ਅਲੱਗ-ਅਲੱਗ ਗੱਲਾਂ ਹੁੰਦੀਆਂ ਹਨ।