ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/48

ਇਹ ਸਫ਼ਾ ਪ੍ਰਮਾਣਿਤ ਹੈ

ਅੱਥਰੂ ਕਿਸੇ ਦੇ ਵੀ ਨਹੀਂ ਵੇਖੇ ਜਾਂਦੇ ਤੇ ਖ਼ਾਸ ਕਰਕੇ ਇਕ ਬੱਚੇ ਦੇ- ਇਕ ਛੋਟੇ ਜਹੇ ਮਾਸੂਮ ਬੱਚੇ ਦੇ, ਜਿਹੜਾ ਭੁੱਖ ਵਿਲਕਦਾ ਰਹੇ ਤੇ ਓਸਦੀ ਮਾਂ ਮਜ਼ਦੂਰਨੀ ਓਸਨੂੰ ਇਕ ਘੁੱਟ ਦੁੱਧ ਦਾ ਵੀ ਨਾਂ ਦੇ ਸੱਕੇ। ਕਿਓਂ?- ਏਸੇ ਲਈ ਕਿ ਓਹ ਵਿਚਾਰੀ ਇੱਟਾਂ ਢੋਹ ਰਹੀ ਹੈ ਤੇ ਓਹਨੂੰ ਇਜਾਜ਼ਤ ਨਹੀਂ ਕਿ ਕੰਮ ਛੱਡ ਕੇ ਓਹ ਅਪਨੇ ਬੱਚੇ ਦੀ ਭੁੱਖ ਦੂਰ ਕਰੇ। ਓਹਨੂੰ ਮਿਹਨਤ ਕਰਦੀ ਹੈ- ਸਾਡੇ ਲਈ। ਮਹਿਲ ਤੇ ਕੋਠੀਆਂ ਬਨਾਂਦੀ ਹੈ- ਸਾਡੇ ਲਈ। ਅਪਨੇ ਵਾਸਤੇ ਓਸਨੂੰ ਕੱਖਾਂ ਦੀਆਂ ਝੁੱਗੀਆਂ ਬਹੁਤ ਹਨ ਤੇ ਜੇ ਓਹ ਵੀ ਨਾਂ ਹੋਣ ਤਾਂ ਵੀ ਕੋਈ ਗਿਲਾ ਨਹੀਂ। ਧਰਤੀ ਨੂੰ ਫਰਸ਼ ਤੇ ਅਸਮਾਨ ਨੂੰ ਛਤ ਬਨਾ ਕੇ ਜੀਊ ਲੈਂਦੀ ਹੈ। ਸਬਰ ਸ਼ੁਕਰ ਓਸਦੇ ਜੀਵਨ ਦਾ ਭਾਗ ਹਨ। ਭਾਣਾ ਮੰਨਣ ਦਾ ਬਲ ਓਸ ਤੋਂ ਵੱਧ ਹੋਰ ਕਿਸੇ ਵਿਚ ਨਹੀਂ। ਸੱਚ ਤੇ ਇਹ ਹੈ ਕਿ ਓਸਨੂੰ ਅਪਨੀ ਸੁੱਧ ਬੁੱਧ ਹੀ ਕੋਈ ਨਹੀਂ। ਦੁੱਖ ਸੁੱਖ ਤੋਂ ਓਹ ਅਨਜਾਣ ਹੈ; ਚੰਗੇ ਜੀਵਨ ਦਾ ਅਰਥ ਹਾਲੀ ਓਸਨੂੰ ਪਤਾ ਹੀ ਨਹੀਂ। ਓਹ ਵਿਚਾਰੀ ਮਜ਼ਦੂਰੀ ਕਰਦੀ ਹੈ, ਸਾਰੀ ਉਮਰ। ਅਪਨੀ ਸੰਭਾਲ ਤੋਂ ਪਹਿਲੇ ਓਸਨੇ ਇੱਟਾਂ ਢੋਨੀਆਂ ਸ਼ੁਰੂ ਕੀਤੀਆਂ ਸਨ। ਫੇਰ ਓਹ ਵੱਡੀ ਹੋ ਗਈ ਪਰ ਓਹੋ ਕੰਮ ਕਰਦੀ ਰਹੀ। ਹੁਣ ਮਾਂ ਬਨ ਕੇ ਓਹੋ ਕੰਮ ਕਰ ਰਹੀ ਹੈ। ਅਪਨੇ ਬੱਚਿਆਂ ਨੂੰ ਕੰਮ ਤੇ ਲਿਆਉਂਦੀ ਹੈ ਤੇ ਓਹ ਉੱਥੇ ਹੀ ਪਲਦੇ ਰਹਿੰਦੇ ਹਨ। ਵੱਡੇ ਹੋ ਕੇ ਓਹ ਵੀ ਮਜ਼ਦੂਰ ਬਣਦੇ ਹਨ ਤੇ ਮਜ਼ਦੂਰੀ ਕਰਦੇ ਕਰਦੇ ਮਜ਼ਦੂਰ ਬੱਚੇ ਪੈਦਾ ਕਰਦੇ ਹਨ। ਗਰਜ਼ਕਿ ਮਜ਼ਦੂਰੀ ਪੁਸ਼ਤਾਂ ਦੀ ਖ਼ਾਨਦਾਨੀ ਹੋ ਜਾਂਦੀ ਹੈ।

ਇਕ ਏਹੋ ਜਹੀ ਮਜ਼ਦੂਰਨੀ ਮਾਂ ਇਕ ਪਾਸੇ ਖਲੋਤੀ ਹੈ ਤੇ ਓਸਦਾ ਭੁੱਖਾ ਬੱਚਾ ਦੂਜੇ ਪਾਸੇ ਵਿਲਕ

ਰਿਹਾ ਹੈ। ਇਹ ਤਸਵੀਰ ਤਰਸ-ਯੋਗ ਹੈ ਤੇ ਅੱਥਰੂ ਆ ਜਾਂਦੇ ਹਨ ਅੱਖਾਂ ਵਿੱਚ, ਓਸ ਬੱਚੇ ਦੇ ਅੱਥਰੂ ਵੇਖ ਕੇ

੪੮