ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਹ ਉਹ ਪਿਆਰ ਨਹੀਂ
(ਸਮੱਸਿਆ-ਮੇਰਾ ਗਲਾ ਤੇ ਡੇਰੀ ਤਲਵਾਰ ਹੋਵੇ)
ਕਦੀ ਬੈਠਿਆਂ ਬੈਠਿਆਂ ਸੋਚਨਾਂ ਹਾਂ
ਜੇਕਰ ਉਹਨਾਂ ਦਾ ਵੀ ਮੇਰੇ ਨਾਲ ਪਿਆਰ ਹੋਵੇ।
ਇਕ ਮੈਂ ਹੋਵਾਂ ਤੇ ਇਕ ਉਹ ਹੋਵਨ
ਤੀਜਾ ਹੋਰ ਨਾ ਕੋਈ ਵਿਚਕਾਰ ਹੋਵੇ।
ਕਦੀ ਮੇਲ ਰੱਬਾ! ਮੇਰੇ ਭਾਗ ਜਾਗਨ
ਦੀਦੇ ਤਾਰ ਲਾਂ, ਜੀਅੜਾ ਠਾਰ ਲਾਂ ਮੈਂ।
ਕੋਈ ਘੜੀ ਤੇ ਆਵੇ ਸੁਲੱਖਣੀ ਜਹੀ
ਕਿਸੇ ਵੇਲੇ ਤਾਂ ਸਾਮ੍ਹਣੇ ਯਾਰ ਹੋਵੇ।
ਸੋਹਣਾ ਰੂਪ ਤੱਕਾਂ, ਮਨ ਦੀ ਰੀਝ ਲਾਹਵਾਂ
ਪਿਆਰ-ਤੱਕਣੀ ਲਈ ਮੈਂ ਵਾਰਾਂ ਆਪਾ।
ਨੀਰ ਡੋਲ੍ਹ ਡੋਲ੍ਹ ਅੱਖਾਂ ਤੋਂ ਕਰਾਂ ਸਦਕੇ
ਝੋਲੀ ਕਿਤੇ ਜੇ ਖ਼ੈਰ ਦੀਦਾਰ ਹੋਵੇ।
ਏਸ ਖ਼ੈਰ ਦੇ ਬੂਹੇ ਨਾ ਰੋਕ ਰੱਖੀਂ
ਮੇਰੀ ਦੀਦ ਦਾ ਨਾ ਓ ਬੁਝਾਈਂ ਦੀਵਾ।
ਲੱਗੀ ਆਸ ਤੇ ਸ਼ਾਲਾ ਨਾ ਫੇਰੀਂ ਪਾਣੀ
ਪਿਆਰ-ਸਿੱਕਦੀ ਜਿੰਦ ਬੀਮਾਰ ਹੋਵੇ।
ਹਾਂ ਜੇ ਕਰ ਨੰਨੇ ਦੀ ਪੱਟੀ ਊ ਸੋਚ ਰੱਖੀ
ਫੇਰ ਲੋੜ ਕੀ ਏ ਘੁੱਟ ਕੇ ਜੀਉਣ ਦੀ ਹੁਣ।
ਹੈ ਦਿਨ-ਕਟੀ ਦਾ ਕੀ ਏ ਲਾਭ ਸਾਨੂੰ
ਨਾ ਕੋਈ ਯਾਰ ਹੋਵੇ, ਨਾ ਗ਼ਮਖ਼ਾਰ ਹੋਵੇ।
੧੮੧