ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/164

ਇਹ ਸਫ਼ਾ ਪ੍ਰਮਾਣਿਤ ਹੈ

੧੯੪੩ ਦੀ ਗੱਲ ਹੈ ਜਦ ਬੰਗਾਲ ਵਿਚ ਕਾਲ ਪਿਆ ਸੀ। ਲੱਖਾਂ ਵਿਚਾਰੇ ਅੰਨ ਤੋਂ ਬਗ਼ੈਰ ਸੜਕਾਂ ਤੇ ਦੰਮ ਤੋੜ ਗਏ। ਭੁੱਖ——ਇਕ ਇਕ ਮਰਿਆ ਜੀਵ——ਭੁੱਖ ਦੀ ਵਿਸ਼ੇਸ਼ ਗਵਾਹੀ ਹੈ। ਇਕ ਇਕ ਮਰਿਆ ਜੀਵ ਸਾਡੀ ਮਾਨਵਤਾ ਤੇ ਵੱਡੀ ਚੋਟ ਹੈ। ਇਕ ਪਾਸੇ ਗ਼ਰੀਬ, ਅੰਨ ਖ਼ਰੀਦਨ ਤੋਂ ਅਸਮਰਥ, ਮੌਤ ਦੇ ਮੂੰਹ ਜਾ ਰਹੇ ਹਨ ਤੇ ਦੂਜੇ ਪਾਸੇ ਕੁਝ ਹਿਰਸੀ, ਪੈਸੇ ਦੇ ਪੁਜਾਰੀ, ਚੌਲ ਸਾਂਭੀ ਬੈਠੇ ਹਨ ਤਾਂ ਜੋ ਕੀਮਤਾਂ ਹੋਰ ਚੜ੍ਹ ਲੈਣ ਤੇ ਨਫਾ ਜ਼ਿਆਦਾ ਮਿਲੇ। ਇਹ ਹਾਲ ਹੈ ਉਹਨਾਂ ਮਾਨਵਤਾ ਦੇ ਦੁਸ਼ਮਨਾਂ ਦਾ ਜਿਨ੍ਹਾਂ ਕਰੋੜਾਂ ਰੁਪਏ ਕਮਾਏ ਤੇ ਲੱਖਾਂ ਜੀਵਾਂ ਦਾ ਗਲਾ ਘੁੱਟਿਆ। ਅੰਦਾਜ਼ਾ ਲਾਇਆ ਗਿਆ ਹੈ ਕਿ ਕਾਲ ਦੇ ਸਾਲ ਵਿਚ ੧੫੦ ਕਰੋੜ ਨਫਾ ਕਮਾਇਆ ਗਿਆ ਤੇ ਘੱਟੋ ਘੱਟ ੧੫ ਲਖ ਬੰਦੇ ਮੌਤ ਦੇ ਮੂੰਹ ਗਏ। ਢਆਂਕੜੇ ਦੱਸਦੇ ਹਨ ਕਿ ਏਸਤਰਾਂ ਇਕ ਇਕ ਮਰੇ ਜੀਵ ਪਿੱਛੇ ਹਜ਼ਾਰ ਹਜ਼ਾਰ ਰੁਪਏ Excess profits Tax ਦਿੱਤਾ ਗਿਆ।

ਅਖ਼ਬਾਰਾਂ ਵਿਚ ਛਪੀਆਂ ਉਹਨਾਂ ਦਿਨਾਂ ਦੀਆਂ ਤਸਵੀਰਾਂ ਲੂੰ ਕੰਡੇ ਹਿਲਾ ਦੇਂਦੀਆਂ ਹਨ। ਅਜੀਬ ਬੇਵਸਾਪਨ ਹੈ। ਕਿਤੇ ਕੋਈ ਕਿਸੇ ਗ਼ਰੀਬ ਦੀ ਪੱਤਨੀ ਮਰ ਜਾਂਦੀ ਹੈ। ਪਤੀ, ਅਪਨੇ ਭੁੱਖੇ ਵਿਲਕਦੇ ਬੱਚੇ, ਮਰੀ ਹੋਈ ਪੱਤਨੀ ਕੋਲ ਛੱਡ ਕੇ ਉਸ ਦੇ ਸਸਕਾਰ ਦਾ ਪ੍ਰਬੰਧ ਕਰਨ ਜਾਂਦਾ ਹੈ। ਜਦ ਵਾਪਸ ਮੁੜਦਾ ਹੈ ਤਾਂ ਕੀ ਵੇਖਦਾ ਹੈ ਕਿ ਉਸਦੇ ਬੱਚੇ ਵੀ ਭੁੱਖ ਨਾਲ ਬੇਹਾਲ ਹੋ ਕੇ ਮਰੇ ਪਏ ਹਨ ਤੇ ਕੁੱਤੇ ਉਹਨਾਂ ਮੁਰਦਿਆਂ ਨੂੰ ਖਾ ਰਹੇ ਹਨ ਜਿਹੜੇ ਕੁਛ ਦੇਰ ਪਹਿਲੇ ਉਸਦੀ ਪੱਤਨੀ ਤੇ ਬੱਚੇ ਸਨ। ਏਸ ਤੋਂ ਦਰਦਨਾਕ ਝਾਕੀ ਹੋਰ ਕੀ ਹੋ ਸਕਦੀ ਹੈ ਅਰ ਫੇਰ

੧੬੪