ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਸਾਡੀ ਚੌਥੀ ਪਾਤਸ਼ਾਹੀ, ਸ੍ਰੀ ਗੁਰੂ ਰਾਮ ਦਾਸ ਜੀ, ਆਪਣੀ ਲਾਹੌਰ ਦੀ ਬੋਲੀ ਵਿਚ ਆਖਣ ਵਾਲੇ 'ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪਰਗਾਸ'- ਨਿਮ੍ਰਤਾ ਦੀ ਮੂੰਹੋਂ-ਬੋਲਦੀ ਤਸਵੀਰ। ੧੯੩੮ ਵਿਚ ਗੁਰਪੁਰਬ ਦੇ ਸਮੇਂ ਲਾਹੌਰ ਰੇਡੀਓ ਸਟੇਸ਼ਨ ਤੋਂ ਮੰਗ ਆਈ ਛੋਟੇ ਜਹੇ ਅੱਧੇ ਪੌਣੇ ਘੰਟੇ ਦੇ ਪਰੋਗਰਾਮ ਦੀ। ਸਾਡਾ ਹਿੱਸਾ ਪਰੋਗਰਾਮਾਂ ਵਿਚ ਏਸੇ ਤਰ੍ਹਾਂ ਨਿਸਬਤ ਤਨਾਸਬ ਨਾਲ ਹੀ ਹੋਇਆ ਕਰਦਾ ਸੀ ਤੇ ਇਸ ਲਈ ਸਾਨੂੰ ਇਹ ਦਯਾਲਤਾ ਕੋਈ ਨਵੀਂ ਨਾਂ ਜਾਪੀ। ਖ਼ੈਰ, ਕੁਛ ਅਸੀ ਗਰਮ ਹੋਏ ਤੇ ਕੁਛ ਸਟੇਸ਼ਨ ਡਰੈਕਟਰ ਸਾਹਿਬ ਨਰਮ ਹੋ ਗਏ ਤੇ ਇਸ ਤਰ੍ਹਾਂ ਕਰ ਕੇ ਅਖ਼ੀਰ ਪਰੋਗਰਾਮ ਖਿੱਚ ਖਿਚਾ ਕੇ ਡੇਡ੍ਹ ਘੰਟੇ ਦਾ ਹੋ ਗਿਆ। ਉਸ ਸਾਲ, ਉਸ ਸੁਭਾਗੀ ਦਿਨ ਤੇ, ਉਸ ਰੱਬੀ ਨੂਰ ਦੀ ਸਿਫਤ ਗਾਂਦਿਆਂ, ਮੈਂ ਆਪਣੇ ਖ਼ਿਆਲ ਸ਼ਹਿਨਸ਼ਾਹ, ਅਰਸ਼ਾਂ ਦੇ ਵਾਲੀ ਅਗੇ ਰਖੇ - ਆਵਾਜ਼ ਦੀ ਦੁਨੀਆ ਵਿਚ, ਅਤੇ ਸਨਿਮ੍ਰ ਬੇਨਤੀ ਕੀਤੀ ਕਿ 'ਓਹ' ਏਸ ਸਵਾਲੀ ਨੂੰ ਆਪਣੇ ਚਰਨਾਂ ਵਿਚ ਥਾਂ ਦੇਵੇ।

*

੧੧੨