ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/65

ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਔਰਤ ਦੇ ਠੋਸ ਸਰੂਪ ਬੇਕਾਰ ਤਰੀਕੇ ਨਾਲ ਉੱਪਰ ਵੱਲ ਨੂੰ ਜੰਮੇ ਵਿਖਾਈ ਦਿੰਦੇ ਸਨ ਅਤੇ ਨਕਲੀ ਲੱਗਦੇ ਸਨ ਅਤੇ ਆਪਣੀ ਭੱਦੀ ਚਿਤਰਕਾਰੀ ਦੇ ਕਾਰਨ ਇੱਕ-ਦੂਜੇ ਦਾ ਸਾਹਮਣਾ ਕਰ ਸਕਣ ਦੇ ਕਾਬਿਲ ਨਹੀਂ ਲੱਗਦੇ ਸਨ। ਕੇ. ਨੇ ਇਸ ਪਿੱਛੋਂ ਉਸ ਕਿਤਾਬ ਦੇ ਅਗਲੇ ਪੰਨੇ ਵੀ ਪਲਟੇ, ਪਰ ਦੂਜੀ ਕਿਤਾਬ ਦੇ ਟਾਇਟਲ ਨੂੰ ਖੋਲ੍ਹ ਲਿਆ। ਇਹ ਇੱਕ ਨਾਵਲ ਸੀ- 'ਗ੍ਰੇਟੇ ਨੇ ਉਸਦੇ ਪਤੀ ਹੰਸ ਨੂੰ ਕਿਵੇਂ ਦੁੱਖ ਦਿੱਤੇ।'

"ਇਹੀ ਨੇ ਉਹ ਕਾਨੂੰਨ ਦੀਆਂ ਕਿਤਾਬਾਂ ਜਿਹੜੀਆਂ ਇੱਥੇ ਪੜ੍ਹੀਆਂ ਜਾਂਦੀਆਂ ਹਨ, "ਕੇ. ਨੇ ਕਿਹਾ, "ਅਤੇ ਇਹੀ ਉਹ ਲੋਕ ਹਨ ਜਿਹੜੇ ਮੈਨੂੰ ਨਿਆਂ ਦਿਵਾਉਣਗੇ?"

"ਮੈਂ ਤੇਰੀ ਮਦਦ ਕਰਾਂਗੀ, ਕੀ ਤੂੰ ਮੈਨੂੰ ਇਹ ਕਰਨ ਦੇਵੇਂਗਾ?" ਔਰਤ ਨੇ ਕਿਹਾ।

"ਕੀ ਤੂੰ ਆਪਣੇ ਲਈ ਮੁਸੀਬਤ ਮੁੱਲ ਲਏ ਬਿਨ੍ਹਾਂ ਸੱਚੀਂ ਇਹ ਸਭ ਕਰ ਸਕਦੀ ਏਂ? ਤੂੰ ਹੁਣੇ ਕਿਹਾ ਸੀ ਕਿ ਤੇਰਾ ਪਤੀ ਸੀਨੀਅਰ ਅਧਿਕਾਰੀਆਂ ਦੇ ਰਹਿਮ ਉੱਤੇ ਹੈ।"

ਤਾਂ ਵੀ ਮੈਂ ਤੇਰੀ ਮਦਦ ਕਰਾਂਗੀ, "ਔਰਤ ਨੇ ਕਿਹਾ- "ਆ ਆਪਾਂ ਇਸੇ 'ਤੇ ਗੱਲ ਕਰਦੇ ਹਾਂ। ਤੂੰ ਮੇਰੇ ਲਈ ਪੈਦਾ ਹੋਣ ਵਾਲੇ ਖ਼ਤਰੇ ਬਾਰੇ ਫ਼ਿਕਰ ਨਾ ਕਰ। ਮੈਂ ਖ਼ਤਰਿਆਂ ਤੋਂ ਉਦੋਂ ਹੀ ਡਰਦੀ ਹਾਂ, ਜਦੋਂ ਮੈਂ ਡਰਨਾ ਚਾਹਾਂ।" ਉਸਨੇ ਮੰਚ ਵੱਲ ਇਸ਼ਾਰਾ ਕੀਤਾ ਅਤੇ ਉਸਨੂੰ ਆਪਣੇ ਨਾਲ ਇੱਕ ਪੌੜੀ 'ਤੇ ਬੈਠ ਜਾਣ ਲਈ ਕਿਹਾ।

"ਤੇਰੀਆਂ ਕਾਲੀਆਂ ਅੱਖਾਂ ਬਹੁਤ ਸੁੰਦਰ ਹਨ।" ਜਦੋਂ ਉਹ ਬੈਠ ਗਏ ਤਾਂ ਔਰਤ ਨੇ ਕੇ. ਦੇ ਚਿਹਰੇ 'ਤੇ ਨਜ਼ਰ ਗੱਡ ਕੇ ਕਿਹਾ- "ਲੋਕ ਕਹਿੰਦੇ ਹਨ ਕਿ ਮੇਰੀਆਂ ਅੱਖਾਂ ਵੀ ਸੋਹਣੀਆਂ ਹਨ ਪਰ ਤੇਰੀਆਂ ਅੱਖਾਂ ਜ਼ਿਆਦਾ ਸੋਹਣੀਆਂ ਨੇ। ਤੈਨੂੰ ਵੇਖਦੇ ਹੀ ਮੈਨੂੰ ਇਹ ਪਤਾ ਲੱਗ ਗਿਆ ਸੀ। ਉਸੇ ਵੇਲੇ ਜਦੋਂ ਤੂੰ ਪਹਿਲੀ ਵਾਰ ਇੱਧਰ ਆਇਆ ਸੀ। ਪਿੱਛੋਂ ਹਾਲ 'ਚ ਮੈਂ ਤੇਰੀ ਵਜ੍ਹਾ ਨਾਲ ਦਾਖ਼ਲ ਹੋਈ। ਹਾਲਾਂਕਿ ਮੈਂ ਇਸ ਤਰ੍ਹਾਂ ਨਹੀਂ ਕਰਦੀ ਅਤੇ ਨਾ ਹੀ ਮੈਨੂੰ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਹੈ।"

ਤਾਂ ਇਹ ਗੱਲ ਹੈ, ਕੇ. ਨੇ ਸੋਚਿਆ। ਇਹ ਆਪ ਹੀ ਤਿਆਰ ਹੈ। ਇਹ ਵੀ ਉਨੀ ਹੀ ਭ੍ਰਿਸ਼ਟ ਹੈ, ਜਿੰਨਾ ਕਿ ਇੱਥੇ ਹਰ ਕੋਈ ਹੈ। ਇੱਥੇ ਕਾਫ਼ੀ ਕਰਮਚਾਰੀ ਉਪਲਬਧ ਹਨ ਅਤੇ ਇਸ ਲਈ ਉਹ ਹਰੇਕ ਅਜਨਬੀ ਦੀ, ਚਾਹੇ ਉਹ ਕੋਈ ਵੀ ਹੋਵੇ, ਆਓ ਭਗਤ ਉਸਦੀਆਂ ਅੱਖਾਂ ਦੀ ਸਿਫ਼ਤ ਤੋਂ ਹੀ ਕਰਦੀ ਹੈ। ਅਤੇ ਕੇ.

71॥ ਮੁਕੱਦਮਾ