ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/48

ਇਹ ਸਫ਼ਾ ਪ੍ਰਮਾਣਿਤ ਹੈ

ਹਾਸੇ ਦੇ ਵਿੱਚ ਉਹ ਇੱਕ ਹੋਰ ਆਦਮੀ ਨਾਲ ਗੱਲਾਂ ਮਾਰ ਰਿਹਾ ਸੀ। ਉਹ ਦੂਜਾ ਆਦਮੀ ਆਪਣੀਆਂ ਲੱਤਾਂ ਲੰਮੀਆਂ ਕਰੀ ਅਤੇ ਕੁਰਸੀ ਦੇ ਹੱਥੇ 'ਤੇ ਆਪਣੀ ਕੂਹਣੀ ਟਿਕਾਈ ਖੜਾ ਸੀ। ਉਹ ਆਪਣੀ ਬਾਂਹ ਹਵਾ 'ਚ ਏਦਾਂ ਝੁਲਾ ਰਿਹਾ ਸੀ, ਜਿਵੇਂ ਕੋਈ ਕਾਰਟੂਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਉਹ ਮੁੰਡਾ ਜਿਹੜਾ ਕੇ. ਨੂੰ ਉੱਥੇ ਲੈ ਗਿਆ ਸੀ, ਉਸਦੀ ਹੋਂਦ ਸਾਬਿਤ ਕਰਨ ਵਿੱਚ ਕੁੱਝ ਔਖ ਮਹਿਸੂਸ ਕਰ ਰਿਹਾ ਸੀ। ਉਹ ਮੰਚ ਦੇ ਕੋਲ ਪਹੁੰਚ ਕੇ ਬੋਲਣ ਦੀ ਕੋਸ਼ਿਸ਼ ਵਿੱਚ ਸੀ, ਪਰ ਉੱਪਰ ਬੈਠੇ ਆਦਮੀ ਨੇ ਉਸ ਵੱਲ ਧਿਆਨ ਨਾ ਦਿੱਤਾ। ਜਦੋਂ ਮੰਚ ਉੱਤੇ ਬੈਠੇ ਇੱਕ ਆਦਮੀ ਨੇ ਉਸਦਾ ਧਿਆਨ ਮੁੰਡੇ ਵੱਲ ਦਵਾਇਆ, ਉਦੋਂ ਉਹ ਉਹਦੇ ਵੱਲ ਮੁੜਿਆ ਅਤੇ ਉਸਦੀ ਗੱਲ ਸੁਣਨ ਲਈ ਰਤਾ ਕੁ ਝੁਕ ਗਿਆ। ਉਸ ਵੇਲੇ ਉਸਨੇ ਆਪਣੀ ਘੜੀ ਵੇਖੀ ਅਤੇ ਤੇਜ਼ੀ ਨਾਲ ਕੇ. ਤੇ ਆਪਣੀ ਨਜ਼ਰ ਦੌੜਾਈ।

"ਤੈਨੂੰ ਤਾਂ ਇੱਥੇ ਇੱਕ ਘੰਟਾ ਪੰਜ ਮਿੰਟ ਪਹਿਲਾਂ ਪਹੁੰਚਣਾ ਚਾਹੀਦਾ ਸੀ।" ਉਸਨੇ ਕਿਹਾ।

ਕੇ. ਨੇ ਕੋਈ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਇਸ ਲਈ ਵਕ਼ਤ ਨਹੀਂ ਮਿਲਿਆ, ਕਿਉਂਕਿ ਜਿਵੇਂ ਹੀ ਉਸ ਆਦਮੀ ਨੇ ਆਪਣਾ ਵਾਕ ਪੂਰਾ ਕੀਤਾ, ਤਾਂ ਵੱਡੇ ਕਮਰੇ ਦੇ ਸੱਜੇ ਪਾਸੇ ਇੱਕ ਤਫ਼ਸੀਲੀ ਫੁਸਫੁਸਾਹਟ ਫੈਲ ਗਈ।

"ਤੈਨੂੰ ਤਾਂ ਇੱਥੇ ਇੱਕ ਘੰਟਾ ਪੰਜ ਮਿੰਟ ਪਹਿਲਾਂ ਪਹੁੰਚਣਾ ਚਾਹੀਦਾ ਸੀ।" ਹੁਣ ਉਸ ਆਦਮੀ ਨੇ ਹੋਰ ਉੱਚੀ ਅਵਾਜ਼ 'ਚ ਕਿਹਾ ਅਤੇ ਇੱਕ ਵਾਰ ਫਿਰ ਤੇਜ਼ੀ ਨਾਲ ਕਮਰੇ ਵਿੱਚ ਨਜ਼ਰ ਘੁਮਾਈ। ਫੁਸਫੁਸਾਹਟ ਤੇਜ਼ ਹੋ ਗਈ ਸੀ, ਅਤੇ ਇਸ ਪਿੱਛੋਂ ਉਹ ਆਦਮੀ ਕੁੱਝ ਨਹੀਂ ਬੋਲਿਆ ਇਸ ਲਈ ਇਸ ਫੁਸਫੁਸਾਹਟ ਨੂੰ ਖ਼ਤਮ ਹੋਣ ਵਿੱਚ ਕਾਫ਼ੀ ਵਕਤ ਲੱਗਾ। ਜਿਸ ਸਮੇਂ ਕੇ. ਹਾਲ ਵਿੱਚ ਪੁੱਜਾ ਸੀ, ਉਹਦੇ ਮੁਕਾਬਲੇ ਹੁਣ ਉੱਥੇ ਕਾਫ਼ੀ ਸ਼ਾਂਤੀ ਸੀ। ਭਾਵੇਂ ਗੈਲਰੀ 'ਚ ਮੌਜੂਦ ਕੁੱਝ ਬੰਦੇ ਆਪਣੀਆਂ ਟਿੱਪਣੀਆਂ ਤੋਂ ਬਾਜ਼ ਨਹੀਂ ਆ ਰਹੇ ਸਨ। ਉਸ ਹਲਕੇ ਹਨੇਰੇ ਜਿਹੇ ਭਰੇ ਧੁੰਦਲਕੇ ਅਤੇ ਮੁਟਿਆਲੇ ਵਾਤਾਵਰਨ ਵਿੱਚ ਜਿੰਨਾ ਵੀ ਮਹਿਸੂਸ ਕੀਤਾ ਜਾ ਸਕਦਾ ਸੀ, ਉਹਨਾਂ ਲੋਕਾਂ ਨੇ ਬਾਕੀ ਹਾਜ਼ਰ ਲੋਕਾਂ ਦੀ ਤੁਲਨਾ ਵਿੱਚ ਭੱਦੇ ਢੰਗ ਦੇ ਕੱਪੜੇ ਪਾਏ ਹੋਏ ਸਨ। ਕੁੱਝ ਲੋਕ ਸਿਰਹਾਣੇ ਨਾਲ ਲਿਆਏ ਸਨ ਅਤੇ ਇਹਨਾਂ ਨੂੰ ਕੰਧ ਨਾਲ ਲਾ ਕੇ ਉੱਪਰ ਆਪਣੇ ਸਿਰ ਟਿਕਾਏ ਹੋਏ ਸਨ, ਜਿਵੇਂ ਉਹ ਖ਼ੁਦ ਨੂੰ ਤਕਲੀਫ਼ ਤੋਂ ਬਚਾਉਣਾ ਚਾਹੁੰਦੇ ਹੋਣ। ਕੇ. ਨੇ ਫ਼ੈਸਲਾ ਕੀਤਾ ਕਿ ਉਹ ਬੋਲਣ ਦੇ ਬਜਾਏ ਹਾਲਾਤ ਦਾ ਜਾਇਜ਼ਾ ਲੈਂਦਾ ਰਹੇਗਾ, ਇਸ ਲਈ ਕਥਿਤ ਦੇਰੀ ਦੇ ਲਈ

54॥ ਮੁਕੱਦਮਾ