ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/42

ਇਹ ਸਫ਼ਾ ਪ੍ਰਮਾਣਿਤ ਹੈ

ਸੀ, ਪਰ ਹੈਰਾਨੀ ਭਰੇ ਸੰਜੋਗ ਨਾਲ, ਉਹ ਆਪਣੇ ਕੇਸ ਨਾਲ ਸੰਬਧਿਤ ਤਿੰਨ ਕਰਮਚਾਰੀਆਂ ਰੈਬਨਸਟੇਨਰ, ਕੁਲੀਚ ਅਤੇ ਕੈਮਨਰ ਦੇ ਸਾਹਮਣੇ ਆ ਗਿਆ। ਪਹਿਲੇ ਦੋਵੇਂ ਤਾਂ ਉਸਦੇ ਅੱਗੇ ਇੱਕ ਟ੍ਰਾਮ ਵਿੱਚ ਜਾ ਰਹੇ ਸਨ, ਜਦਕਿ ਕੈਮਨਰ ਇੱਕ ਕੈਫ਼ੇ ਦੇ ਬਰਾਂਡੇ ਵਿੱਚ ਬੈਠਾ ਸੀ, ਅਤੇ ਜਿਵੇਂ ਹੀ ਕੇ. ਉੱਥੋਂ ਲੰਘਿਆ, ਉਸਨੇ ਅਚੇਤ ਜਿਹੀ ਅਵਸਥਾ ਵਿੱਚ ਆਪਣੇ ਸਿਰ ਨੂੰ ਝੁਕਾ ਦਿੱਤਾ। ਉਹਨਾਂ ਸਾਰਿਆਂ ਨੇ ਸ਼ਾਇਦ ਉਸਨੂੰ ਹੈਰਾਨੀ ਨਾਲ ਵੇਖਿਆ, ਅਤੇ ਇਸ ਸੋਚ ਵਿੱਚ ਲੱਗ ਰਹੇ ਸਨ ਕਿ ਉਹਨਾਂ ਦਾ ਬੌਸ ਇੰਨੀ ਪਰੇਸ਼ਾਨੀ ਵਿੱਚ ਕਿੱਧਰ ਜਾ ਰਿਹਾ ਹੈ। ਇੱਕ ਤਰ੍ਹਾਂ ਦੀ ਲਾਪਰਵਾਹੀ ਜਿਹੀ ਵਿੱਚ ਕੇ. ਪੈਦਲ ਹੀ ਤੁਰਿਆ ਜਾ ਰਿਹਾ ਸੀ। ਆਪਣੇ ਇਸ ਕੇਸ ਵਿੱਚ ਉਹ ਦੂਜਿਆਂ ਦੀ ਭੋਰਾ ਵੀ ਮਦਦ ਲੈਣ ਦੀ ਚਾਹਵਾਨ ਨਹੀਂ ਸੀ, ਅਤੇ ਨਾ ਹੀ ਉਹ ਕਿਸੇ ਦਾ ਅਹਿਸਾਨ ਲੈਣਾ ਚਾਹੁੰਦਾ ਸੀ ਅਤੇ ਇਸੇ ਲਈ ਉਹ ਆਪਣੀਆਂ ਨਿੱਜੀ ਸਰਗਰਮੀਆਂ ਦੀ ਕੋਈ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੋਣ ਦੇਣਾ ਚਾਹੁੰਦਾ ਸੀ। ਇਸ ਤੋਂ ਬਿਨ੍ਹਾਂ ਉਹ ਕਮੀਸ਼ਨ ਦੇ ਸਾਹਮਣੇ ਖ਼ੁਦ ਨੂੰ ਸਮੇਂ ਦਾ ਬਹੁਤਾ ਪਾਬੰਦ ਵਿਖਾ ਕੇ, ਆਪਣੀ ਹੇਠੀ ਵੀ ਨਹੀਂ ਕਰਵਾਉਣਾ ਚਾਹੁੰਦਾ ਸੀ। ਫ਼ਿਰ ਵੀ, ਉਰ ਠੀਕ ਨੌਂ ਵਜੇ ਪੁੱਜਣ ਲਈ ਭੱਜਦਾ ਹੋਇਆ ਗਿਆ, ਹਾਲਾਂਕਿ ਉਹਦਾ ਉੱਥੇ ਪਹੁੰਚਣ ਲਈ ਕੋਈ ਸਮਾਂ ਵੀ ਨਹੀਂ ਮਿੱਥਿਆ ਗਿਆ ਸੀ।

ਉਸਨੂੰ ਯਕੀਨ ਸੀ ਕਿ ਉਹ ਉਸ ਭਵਨ ਨੂੰ ਦੂਰੋਂ ਹੀ ਪਛਾਣ ਲਏਗਾ। ਆਖ਼ਰ ਉੱਥੇ ਕੋਈ ਨਿਸ਼ਾਨ ਹੋਵੇਗਾ, ਭਾਂਵੇ ਜਿਸਦੀ ਉਸਨੂੰ ਠੀਕ-ਠੀਕ ਜਾਣਕਾਰੀ ਜਾਂ ਕਲਪਨਾ ਨਹੀਂ ਸੀ ਪਰ ਹੋ ਸਕਦਾ ਹੈ ਕਿ ਉਸ ਭਵਨ ਦੇ ਮੁੱਖ ਦਰਵਾਜ਼ੇ ਉੱਤੇ ਕੋਈ ਖ਼ਾਸ ਕਿਸਮ ਦੇ ਆਵਾਜਾਈ ਲੱਗੀ ਹੋਵੇ। ਪਰ ਜੂਲੀਅਸ ਟਰੈੱਸ, ਜਿੱਥੇ ਕਿ ਉਸਨੂੰ ਹੋਣਾ ਚਾਹੀਦਾ ਸੀ ਅਤੇ ਜਿਸਦੇ ਸਿਰੇ 'ਤੇ ਪਹੁੰਚ ਕੇ ਕੇ. ਕੁੱਝ ਦੇਰ ਲਈ ਰੁਕਿਆ। ਦੋਵੇਂ ਪਾਸੇ ਲਗਭਗ ਇੱਕੋ ਜਿਹੇ ਮਕਾਨ ਕਤਾਰ ਵਿੱਚ ਖੜੇ ਸਨ। ਭੂਰੇ ਰੰਗ ਦੇ ਸਧਾਰਨ ਜਿਹੇ ਘਰ, ਜਿਹਨਾਂ ਵਿੱਚ ਗਰੀਬ ਜਿਹੇ ਲੋਕ ਰਹਿੰਦੇ ਲੱਗਦੇ ਸਨ। ਅੱਜ ਇਸ ਐਤਵਾਰ ਦੀ ਸਵੇਰ ਨੂੰ, ਬਹੁਤੇ ਲੋਕ ਖਿੜਕੀਆਂ ਦੇ ਕੋਲ ਖੜੇ ਸਨ, ਸਿਗਰਟਾਂ ਦਾ ਧੂੰਆਂ ਛੱਡਦੇ ਹੋਏ ਜਾਂ ਸਾਵਧਾਨੀ ਅਤੇ ਪਿਆਰ ਨਾਲ ਆਪਣੇ ਬੱਚਿਆਂ ਨੂੰ ਸੰਭਾਲਦੇ ਹੋਏ। ਬਾਕੀ ਦੀਆਂ ਖਾਲੀ ਖਿੜਕੀਆਂ 'ਤੇ ਬਿਸਤਰੇ ਸੁੱਕ ਰਹੇ ਸਨ ਅਤੇ ਇਹਨਾਂ ਉੱਤੇ ਕਿਸੇ ਔਰਤ ਦਾ ਸਿਰ ਕੁੱਝ ਪਲ ਲਈ ਉੱਭਰ ਕੇ ਫ਼ਿਰ ਗਾਇਬ ਹੋ ਜਾਂਦਾ। ਲੋਕ ਗ਼ਲੀ ਦੇ ਆਰ-ਪਾਰ ਗੱਲਾਂ ਕਰ ਰਹੇ ਸਨ, ਅਤੇ ਇਸੇ ਤਰ੍ਹਾਂ ਦੀ ਇੱਕ ਉੱਚੀ ਆਵਾਜ਼ ਕੇ. ਦੇ ਸਿਰ ਉੱਤੇ ਗੂੰਜ ਉੱਠੀ ਸੀ।

48॥ ਮੁਕੱਦਮਾ