ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/35

ਇਹ ਸਫ਼ਾ ਪ੍ਰਮਾਣਿਤ ਹੈ

ਉਸ ਤੋਂ ਜ਼ਿਆਦਾ ਹੀ ਮੰਨ ਰਹੀ ਹਾਂ। ਕੇ. ਨੇ ਮੇਜ਼ ਨੂੰ ਕਮਰੇ ਦੇ ਐਨ ਵਿਚਕਾਰ ਰੱਖ ਦਿੱਤਾ ਅਤੇ ਉਸਦੇ ਪਾਰ ਜਾ ਬੈਠਾ।

ਤੈਨੂੰ ਠੀਕ ਤਰ੍ਹਾ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਕੌਣ ਕਿੱਥੇ ਬੈਠਾ ਸੀ। ਇਹ ਬਹੁਤ ਦਿਲਚਸਪ ਹੈ। ਹੁਣ ਮੈਂ ਇੰਸਪੈਕਟਰ ਹਾਂ, ਦੋਵੇਂ ਵਾਰਡਰ ਸੰਦੂਕ 'ਤੇ ਬੈਠੇ ਹਨ ਅਤੇ ਇੱਧਰ ਫ਼ੋਟੋ ਦੇ ਕੋਲ ਉਹ ਤਿੰਨ ਨੌਜਵਾਨ ਮੁੰਡੇ! ਇੱਕ ਸਫ਼ੇਦ ਬਲਾਊਜ਼ ਖਿੜਕੀ ਦੇ ਪੱਲੇ ਨਾਲ ਟੰਗਿਆ ਹੋਇਆ ਹੈ। ਹੁਣ ਸ਼ੁਰੂਆਤ ਹੁੰਦੀ ਹੈ। ਓਹ! ਮੈਂ ਖ਼ੁਦ ਨੂੰ ਛੱਡ ਹੀ ਦਿੱਤਾ ਹੈ। ਸਭ ਤੋਂ ਜ਼ਰੂਰੀ ਆਦਮੀ, ਯਾਨੀ ਕਿ ਮੈਂ, ਇਸ ਮੇਜ਼ ਦੇ ਅੱਗੇ ਖੜਾ ਹਾਂ। ਇੰਸਪੈਕਟਰ ਇੱਥੇ ਆਰਾਮ ਨਾਲ ਬੈਠਾ ਹੈ! ਲੱਤਾਂ ਆਰ-ਪਾਰ ਕੀਤੀਆਂ ਹੋਈਆਂ ਹਨ ਅਤੇ ਆਪਣੀ ਇੱਕ ਬਾਂਹ ਕੁਰਸੀ ਦੇ ਪਿਛਲੇ ਪਾਸੇ ਸੁੱਟੀ ਹੋਈ ਹੈ। ਬਿਲਕੁਲ ਬੋਰ ਆਦਮੀ ਹੈ। ਦਰਅਸਲ ਹੁਣ ਸ਼ੁਰੂਆਤ ਹੁੰਦੀ ਹੈ। ਇੰਸਪੈਕਟਰ ਮੇਰੇ ’ਤੇ ਚੀਕਦਾ ਹੈ, ਜਿਵੇਂ ਮੈਨੂੰ ਨੀਂਦ ਤੋਂ ਜਗਾ ਰਿਹਾ ਹੋਵੇ। ਉਹ ਮੇਰੇ 'ਤੇ ਝਪਟ ਪਿਆ ਅਤੇ ਜੇ ਮੈਂ ਤੈਨੂੰ ਪੂਰੀ ਗੱਲ ਚੰਗੀ ਤਰ੍ਹਾਂ ਸਮਝਾਉਣ ਤੇਰੇ ਉੱਤੇ ਝਪਟਣਾ ਪਵੇਗਾ।

ਫ਼ਰਾਉਲਨ ਬਸਰ ਜਿਹੜੀ ਉਸਦੀ ਗੱਲ ’ਤੇ ਹੱਸ ਰਹੀ ਸੀ, ਨੇ ਕੇ. ਨੂੰ ਆਪਣੇ ਬੁੱਲਾਂ 'ਤੇ ਉਂਗਲ ਰੱਖ ਕੇ ਚੁੱਪ ਕਰ ਜਾਣ ਦਾ ਇਸ਼ਾਰਾ ਕੀਤਾ। ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਕੇ. ਆਪਣੇ ਰੋਲ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ ਅਤੇ ਉਹ ਇੱਕ ਲੰਮੀ ਅਵਾਜ਼ ਨਾਲ ਚੀਕਿਆ- “ਜੋਸਫ਼ ਕੇ. !” ਪਰ ਅਵਾਜ਼ ਓਨੀ ਤਿੱਖੀ ਵੀ ਨਹੀਂ ਸੀ ਜਿੰਨੀ ਕਿ ਉਹ ਸਾਬਿਤ ਕਰਨਾ ਚਾਹੁੰਦਾ ਸੀ।

ਪਰ ਅਗਲੇ ਕਮਰੇ ਵਿੱਚੋਂ ਉੱਚੀ, ਤਿੱਖੀ ਅਤੇ ਲਗਾਤਾਰ ਖੜਕਾਹਟ ਦੀਆਂ ਅਵਾਜ਼ਾਂ ਆਈਆਂ। ਫ਼ਰਾਉਲਨ ਬਸਰ ਪੀਲੀ ਪੈ ਗਈ ਅਤੇ ਉਸਨੇ ਆਪਣਾ ਹੱਥ ਦਿਲ 'ਤੇ ਰੱਖ ਦਿੱਤਾ। ਕੇ. ਵੀ ਸਾਵਧਾਨ ਹੋ ਗਿਆ, ਕਿਉਂਕਿ ਕੁੱਝ ਦੇਰ ਲਈ ਉਹ ਸਵੇਰੇ ਹੋਈਆਂ ਘਟਨਾਵਾਂ ਅਤੇ ਹੁਣ ਇਸ ਕੁੜੀ, ਜਿਸਦੇ ਲਈ ਉਹ ਨਾਟਕ ਕਰ ਰਿਹਾ ਸੀ, ਦੇ ਇਲਾਵਾ ਜ਼ਿਆਦਾ ਕੁੱਝ ਨਹੀਂ ਸੋਚ ਸਕਿਆ। ਅਜੇ ਤੱਕ ਉਹ ਖ਼ੁਦ ਨੂੰ ਸੰਭਾਲ ਵੀ ਨਹੀਂ ਸਕਿਆ ਸੀ, ਜਦੋਂ ਉਹ ਫ਼ਰਾਉਲਨ ਬਸਰ ਦੇ ਵੱਲ ਵਧਿਆ ਅਤੇ ਉਸਦਾ ਹੱਥ ਫੜ ਲਿਆ।

"ਡਰ ਨਾ!" ਉਹ ਫੁਸਫੁਸਾਇਆ, “ਮੈਂ ਹਰ ਚੀਜ਼ ਠੀਕ ਕਰ ਦੇਵਾਂਗਾ। ਪਰ ਇਸ ਸਮੇਂ ਇਹ ਕੌਣ ਹੋ ਸਕਦਾ ਹੈ? ਬੂਹੇ ਦੇ ਪਾਰ ਤਾਂ ਸਿਰਫ਼ ਵੱਡਾ ਕਮਰਾ ਹੈ ਅਤੇ ਕੋਈ ਸੌਂ ਵੀ ਨਹੀਂ ਰਿਹਾ।

41 ਮੁਕੱਦਮਾ