ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਮਿਲਾਉਣਾ ਤਾਂ ਜ਼ਰੂਰੀ ਹੈ।"

ਕੀ ਉਹ ਮੇਰੇ ਨਾਲ ਹੱਥ ਮਿਲਾ ਲਵੇਗੀ? ਇੰਸਪੈਕਟਰ ਨੇ ਨਹੀਂ ਮਿਲਾਇਆ ਸੀ, ਉਸਨੂੰ ਯਾਦ ਆ ਗਿਆ ਅਤੇ ਹੁਣ ਉਹ ਉਸ ਔਰਤ ਨੂੰ ਕਿਸੇ ਹੋਰ ਕੋਣ ਤੋਂ ਵੇਖਣ ਲੱਗਾ। ਖੋਜੀ ਆਦਮੀ ਜਿਹੇ ਕੋਣ ਤੋਂ। ਉਹ ਖੜੀ ਹੋ ਗਈ, ਕਿਉਂਕਿ ਉਹ ਆਪ ਵੀ ਖੜਾ ਹੋ ਗਿਆ ਸੀ। ਉਹ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ, ਕਿਉਂਕਿ ਉਹ ਸਮਝ ਨਹੀਂ ਸਕੀ ਜਿਹੜਾ ਕੁੱਝ ਕੇ. ਨੇ ਕਿਹਾ। ਇਸ ਸ਼ਰਮਿੰਦਗੀ ਦੀ ਵਜ੍ਹਾ ਨਾਲ ਉਹਨੇ ਅਜਿਹਾ ਕੁੱਝ ਕਹਿ ਦਿੱਤਾ, ਜੋ ਕੁੱਝ ਕਹਿਣ ਦਾ ਉਸਦਾ ਬਿਲਕੁਲ ਵੀ ਇਰਾਦਾ ਨਹੀਂ ਸੀ ਅਤੇ ਜਿਸਨੂੰ ਕਹਿਣ ਦੀ ਇੱਥੇ ਕੋਈ ਤੁਕ ਵੀ ਨਹੀਂ ਬਣਦੀ ਸੀ।

"ਸ਼੍ਰੀਮਾਨ ਕੇ., ਇਸ ਸਭ ਨੂੰ ਇਸ ਤਰ੍ਹਾਂ ਦਿਲ ਨਾਲ ਨਾ ਲਾਓ।" ਉਸਨੇ ਟੁੱਟੀ ਹੋਈ ਅਵਾਜ਼ 'ਚ ਕਿਹਾ ਅਤੇ ਹੱਥ ਮਿਲਾਉਣਾ ਤਾਂ ਬਿਲਕੁਲ ਹੀ ਭੁੱਲ ਗਈ।

"ਮੈਨੂੰ ਨਹੀਂ ਲੱਗਦਾ ਕਿ ਮੈਂ ਇਸਨੂੰ ਇਸ ਤਰ੍ਹਾਂ ਦਿਲ ਨਾਲ ਲਾ ਰਿਹਾ ਸੀ।" ਕੇ. ਨੇ ਕਿਹਾ, ਅਤੇ ਇੱਕ ਦਮ ਉਸਨੂੰ ਲੱਗਿਆ ਕਿ ਉਹ ਥੱਕ ਗਿਆ ਹੈ ਅਤੇ ਉਸ ਔਰਤ ਨਾਲ ਕਿਸੇ ਤਰ੍ਹਾਂ ਦੀ ਸਹਿਮਤੀ ਬਾਰੇ ਸੋਚਣਾ ਬੇਕਾਰ ਹੈ।

ਬੂਹੇ ਕੋਲ ਆ ਕੇ ਉਸਨੇ ਪੁੱਛਿਆ: "ਕੀ ਫ਼ਰਾਉਲਨ ਬਸਨਰ ਘਰ ਹੋਏਗੀ?"

"ਨਹੀਂ! ਫ਼ਰਾਅ ਗਰੁਬਾਖ਼ ਨੇ ਮੁਸਕਾਉਂਦੇ ਹੋਏ ਕਿਹਾ ਅਤੇ ਫ਼ਿਰ ਇੱਕ ਰੁੱਖੀ ਜਿਹੀ ਸੂਚਨਾ ਦਿੱਤੀ- "ਉਹ ਤਾਂ ਥਿਏਟਰ ਗਈ ਹੈ। ਕੀ ਉਸ ਨਾਲ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ? ਕੀ ਮੈਂ ਉਸਨੂੰ ਸੁਨੇਹਾ ਭੇਜਾਂ?"

"ਓਹ! ਮੈਂ ਉਹਨਾਂ ਨੂੰ ਸਿਰਫ਼ ਕੁੱਝ ਕਹਿਣਾ ਚਾਹੁੰਦਾ ਸੀ।"

"ਮੈਂ ਇਹ ਤਾਂ ਨਹੀਂ ਦੱਸ ਸਕਦੀ ਕਿ ਉਹ ਕਦੋਂ ਤੱਕ ਵਾਪਸ ਆਏਗੀ। ਪਰ ਜਦੋਂ ਵੀ ਥਿਏਟਰ ਜਾਂਦੀ ਹੈ ਤਾਂ ਦੇਰ ਨਾਲ ਘਰ ਆਉਂਦੀ ਹੈ।"

"ਕੋਈ ਗੱਲ ਨਹੀਂ।" ਬੂਹੇ ਦੇ ਕੋਲ ਪਹੁੰਚ ਕੇ ਕੇ. ਨੇ ਥੋੜ੍ਹਾ ਜਿਹਾ ਸਿਰ ਝੁਕਾਇਆ- "ਮੈਂ ਤਾਂ ਉਹਨਾਂ ਤੋਂ ਸਿਰਫ਼ ਇਸ ਗੱਲ ਦੀ ਮੁਆਫ਼ੀ ਮੰਗਣਾ ਚਾਹੁੰਦਾ ਸੀ ਕਿ ਅੱਜ ਸਵੇਰੇ ਮੈਂ ਉਹਨਾਂ ਦੇ ਕਮਰੇ ਦੀ ਵਰਤੋਂ ਕੀਤੀ ਸੀ।"

"ਸ਼੍ਰੀਮਾਨ ਕੇ.! ਇਹ ਬਹੁਤ ਜ਼ਰੂਰੀ ਕੰਮ ਨਹੀਂ ਹੈ। ਤੁਸੀਂ ਕੁੱਝ ਵਧੇਰੇ ਹੀ ਧਰਮਾਤਮਾ ਕਿਸਮ ਦੇ ਆਦਮੀ ਹੋਂ। ਅਸਲ ’ਚ ਤਾਂ ਉਹ ਜੁਆਨ ਔਰਤ ਇਸ ਬਾਰੇ ’ਚ ਕੁੱਝ ਨਹੀਂ ਜਾਣਦੀ। ਸਵੇਰ ਦੀ ਉਸ ਘਟਨਾ ਤੋਂ ਬਾਅਦ ਅਜੇ ਤੱਕ ਉਹ ਮੁੜੀ ਨਹੀਂ ਹੈ ਅਤੇ ਹੁਣ ਤਾਂ ਕਮਰੇ ਵਿੱਚ ਸਭ ਕੁੱਝ ਠੀਕ ਕਰ ਦਿੱਤਾ ਗਿਆ

32