ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਦੇਰ ਹੋਣ ਤੋਂ ਬਚਣ ਲਈ ਉਸਨੇ ਟੈਕਸੀ ਲੈਣ ਦਾ ਫ਼ੈਸਲਾ ਕੀਤਾ, ਕਿਉਂਕਿ ਉਹ ਅੱਧਾ ਘੰਟਾ ਪਹਿਲਾਂ ਹੀ ਲੇਟ ਹੋ ਚੁੱਕਾ ਸੀ। ਕੈਮਨਰ ਦੂਰ ਕਿਨਾਰੇ ਵੱਲ ਭੱਜਿਆ ਤਾਂ ਕਿ ਟੈਕਸੀ ਫੜ ਸਕੇ, ਜਦ ਕਿ ਬਾਕੀ ਦੋ ਉਸਦਾ ਉਸਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ। ਅਚਾਨਕ ਕੁਲੀਚ ਨੇ ਉਸ ਪਾਰ ਦੇ ਦਰਵਾਜ਼ੇ ਵੱਲ ਇਸ਼ਾਰਾ ਕੀਤਾ ਜਿੱਥੇ ਇੱਕ ਮੋਟਾ ਜਿਹਾ ਰੰਗੀਨ ਅਤੇ ਨੁਕੀਲੀ ਦਾੜ੍ਹੀ ਵਾਲਾ ਆਦਮੀ ਹੁਣੇ ਪਰਗਟ ਹੋਇਆ ਸੀ। ਆਪਣੇ ਮੋਟਾਪੇ ਤੋਂ ਥੋੜ੍ਹਾ ਸ਼ਰਮਸਾਰ ਲੱਗਦਾ ਉਹ ਕੁੱਝ ਕਦਮ ਹਟ ਕੇ ਕੰਧ ਨਾਲ ਜਾ ਲੱਗਿਆ। ਕੇ. ਨੂੰ ਕੁਲੀਚ ਦੀ ਇਸ ਗੱਲ 'ਤੇ ਗੁੱਸਾ ਆਇਆ ਕਿ ਉਸਨੇ ਬੇਵਜ੍ਹਾ ਹੀ ਉਸਦਾ ਧਿਆਨ ਉਸ ਆਦਮੀ ਵੱਲ ਖਿੱਚਿਆ, ਜਦਕਿ ਉਹ ਉਸਨੂੰ ਪਹਿਲਾਂ ਹੀ ਵੇਖ ਚੁੱਕਾ ਸੀ ਅਤੇ ਹੁਣ ਜਿਸ ਤੋਂ ਬਚਣ ਦਾ ਕੋਈ ਰਾਹ ਵੀ ਨਹੀਂ ਸੀ।

"ਇਸ ਤਰ੍ਹਾਂ ਨਾ ਵੇਖੋ!" ਉਹ ਫੁੱਟ ਪਿਆ। ਉਸਨੂੰ ਯਾਦ ਵੀ ਨਹੀਂ ਰਿਹਾ ਕਿ ਇਸ ਤਰ੍ਹਾਂ ਜੁਆਨ ਮੁੰਡਿਆਂ ਨੂੰ ਫਿਟਕਾਰ ਦੇਣ ਦਾ ਦੂਜੇ ਲੋਕਾਂ 'ਤੇ ਕੀ ਅਸਰ ਪਵੇਗਾ। ਪਰ ਸਫ਼ਾਈ ਦੇਣ ਦੀ ਲੋੜ ਨਹੀਂ ਪਈ, ਕਿਉਂਕਿ ਉਸੇ ਵੇਲੇ ਟੈਕਸੀ ਆ ਗਈ ਅਤੇ ਉਹ ਉਸ ਵਿੱਚ ਬੈਠ ਕੇ ਚੱਲ ਪਏ। ਉਦੋਂ ਕੇ. ਨੂੰ ਖ਼ਿਆਲ ਆਇਆ ਕਿ ਉਹਨੇ ਤਾਂ ਇੰਸਪੈਕਟਰ ਅਤੇ ਵਾਰਡਰਾਂ ਨੂੰ ਜਾਂਦੇ ਵੀ ਨਹੀਂ ਵੇਖਿਆ। ਪਹਿਲਾਂ ਤਾਂ ਇੰਸਪੈਕਟਰ ਨੇ ਉਸਨੂੰ ਉਹਨਾਂ ਤਿੰਨਾਂ ਨੂੰ ਪਛਾਣਨ ਤੋਂ ਰੋਕ ਰੱਖਿਆ ਸੀ, ਅਤੇ ਹੁਣ ਇਹਨਾਂ ਤਿੰਨਾਂ ਨੇ ਇੰਸਪੈਕਟਰ ਤੋਂ ਉਸਦਾ ਧਿਆਨ ਹਟਾ ਦਿੱਤਾ ਸੀ। ਇਸਦਾ ਮਤਲਬ ਸੀ ਕਿ ਕੇ. ਗੁਆਚਿਆ ਹੋਇਆ ਸੀ ਅਤੇ ਉਸਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਆਸੇ ਪਾਸੇ ਦੀ ਹਰੇਕ ਚੀਜ਼ ਉੱਤੇ ਪੂਰੀ ਨਿਗ੍ਹਾ ਰੱਖੇਗਾ। ਉਸਨੇ ਚਲਦੀ ਟੈਕਸੀ ਤੋਂ ਪਿੱਛੇ ਵੇਖਿਆ ਤਾਂ ਕਿ ਇੰਸਪੈਕਟਰ ਅਤੇ ਵਾਰਡਰਾਂ ਦੀ ਇੱਕ-ਅੱਧ ਝਲਕ ਵੇਖ ਸਕੇ। ਪਰ ਉਹ ਛੇਤੀ ਹੀ ਮੁੜਕੇ ਅੱਗੇ ਵੇਖਣ ਲੱਗਾ ਅਤੇ ਪਿੱਛੇ ਕਿਸੇ ਦੀ ਝਲਕ ਵੇਖੇ ਬਿਨ੍ਹਾਂ ਟੈਕਸੀ ਦੀ ਸੀਟ 'ਤੇ ਆਰਾਮ ਨਾਲ ਬਹਿ ਗਿਆ। ਵੈਸੇ ਤਾਂ ਇਹ ਲੱਗ ਨਹੀਂ ਰਿਹਾ ਸੀ ਪਰ ਹਮਦਰਦੀ ਦੇ ਕੁੱਝ ਸ਼ਬਦਾਂ ਦੀ ਲੋੜ ਜ਼ਰੂਰ ਸੀ, ਪਰ ਕੋਲ ਬੈਠੇ ਆਦਮੀ ਥੱਕੇ ਹੋਏ ਲੱਗ ਰਹੇ ਸਨ। ਰੈਬਨਸਟੇਨਰ ਬਾਹਰ ਸੱਜੇ ਪਾਸੇ ਵੱਲ ਵੇਖ ਰਿਹਾ ਸੀ ਅਤੇ ਕੁਲੀਚ ਸੱਜੇ ਵੱਲ। ਕੈਮਨਰ ਇੱਕਲਾ ਅਜਿਹਾ ਲੱਗ ਰਿਹਾ ਸੀ ਜਿਹੜਾ ਉਸਦੀ ਮਦਦ ਕਰ ਸਕਦਾ ਸੀ, ਪਰ ਉਹ ਆਪਣੀ ਚੁੱਪਚਾਪ ਸਥਿਤੀ ਵਿੱਚ ਸੀ, ਜਿਸ ਉੱਪਰ ਕੋਈ ਮਜ਼ਾਕ ਕਰ ਦੇਣਾ ਕਿਸੇ ਅੱਤਿਆਚਾਰ ਤੋਂ ਘੱਟ ਨਹੀਂ ਸੀ।

27