ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/125

ਇਹ ਸਫ਼ਾ ਪ੍ਰਮਾਣਿਤ ਹੈ

"ਉਹ ਸਕੂਲ ਵਿੱਚ ਮੇਰੇ ਨਾਲ ਪੜ੍ਹਿਆ ਕਰਦਾ ਸੀ। ਕੀ ਤੂੰ ਉਸਦਾ ਨਾਂ ਸੁਣਿਆ ਹੈ?, ਨਹੀਂ? ਪਰ ਉਹ ਬਹੁਤ ਕਮਾਲ ਦਾ ਹੈ। ਬਚਾਅ ਪੱਖ ਦੇ ਵਕੀਲ ਦੇ ਰੂਪ ਵਿੱਚ ਉਸਦੀ ਬਹੁਤ ਮਾਨਤਾ ਹੈ ਅਤੇ ਬਤੌਰ ਵਕੀਲ ਉਹ ਕਾਨੂੰਨੀ ਮਦਦ ਮੰਗਣ ਵਾਲਿਆਂ ਦੀ ਵੀ ਪ੍ਰਤੀਨਿਧਤਾ ਕਰਦਾ ਹੈ। ਉਸ ਬੰਦੇ ਉੱਪਰ ਮੈਨੂੰ ਪੂਰਾ ਯਕੀਨ ਹੈ।"

"ਤੂੰ ਜੋ ਵੀ ਕਰਨ ਦਾ ਫ਼ੈਸਲਾ ਕਰੇਂ, ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟੀ ਮਿਲੇਗੀ," ਕੇ. ਬੋਲਿਆ, ਹਾਲਾਂਕਿ ਜਿਸ ਜਲਦਬਾਜ਼ੀ ਦੇ ਭਾਵ ਨਾਲ ਉਸਦੇ ਚਾਚਾ ਇਸ ਮਸਲੇ ਤੇ ਜੁਟਿਆ ਹੋਇਆ ਸੀ, ਉਸਤੋਂ ਉਸਦੇ ਅੰਦਰ ਕੁੱਝ ਸ਼ੱਕ ਪੈਦਾ ਹੋ ਰਹੇ ਸਨ। ਕਿਸੇ ਵੀ ਆਰੋਪੀ ਲਈ ਕਿਸੇ ਗਰੀਬਾਂ ਦੇ ਵਕੀਲ ਤੋਂ ਸਲਾਹ ਲੈਣਾ ਬਹੁਤਾ ਉਤਸ਼ਾਹ ਵਧਾਉਣ ਵਾਲਾ ਨਹੀਂ ਸੀ। "ਮੈਂ ਨਹੀਂ ਜਾਣਦਾ," ਉਸਨੇ ਕਿਹਾ, "ਕਿ ਇਸ ਤਰ੍ਹਾਂ ਦੇ ਕੇਸ ਵਿੱਚ ਕੋਈ ਵਕੀਲ ਦੀ ਸਲਾਹ ਵੀ ਲੈ ਸਕਦਾ ਹੈ।"

"ਕਿਉਂ ਨਹੀਂ, ਚਾਚੇ ਨੇ ਜਵਾਬ ਦਿੱਤਾ, “ਇਹ ਕਹਿਣ ਦੀ ਲੋੜ ਨਹੀਂ ਹੈ। ਕਿਉਂ ਨਹੀਂ ਲੈ ਸਕਦਾ? ਅਤੇ ਹੁਣ ਮੈਨੂੰ ਦੱਸ, ਤਾਂ ਕਿ ਮੈਨੂੰ ਇਸ ਕੇਸ ਦੀ ਪੂਰੀ ਜਾਣਕਾਰੀ ਰਹੇ, ਜੋ ਵੀ ਹੁਣ ਤੱਕ ਹੋਇਆ ਹੈ, ਉਹ ਸਭ ਕੁੱਝ।"

ਕੇ. ਨੇ ਬਿਨ੍ਹਾਂ ਕੁੱਝ ਲਕੋਏ ਇੱਕ ਦਮ ਉਸਨੂੰ ਸਭ ਕੁੱਝ ਦੱਸਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸਦੀ ਸਾਰੀ ਸਫ਼ਾਈ ਹੀ ਸਿਰਫ਼ ਇੱਕ ਰਸਤਾ ਸੀ, ਜਿਸ ਨਾਲ ਉਹ ਆਪਣੇ-ਆਪ ਨੂੰ ਇਸ ਕਾਬਿਲ ਬਣਾ ਸਕਦਾ ਸੀ ਤਾਂ ਕਿ ਚਾਚੇ ਦੀ ਇਸ ਧਾਰਨਾ ਦਾ ਖੰਡਨ ਕਰ ਸਕੇ ਕਿ ਉਸਦਾ ਇਹ ਕੇਸ ਬਹੁਤ ਵੱਡੀ ਬੇਇੱਜ਼ਤੀ ਹੈ। ਫ਼ਰਾਉਲਨ ਬਸਤਰ ਦਾ ਨਾਂ ਉਸਨੇ ਸਿਰਫ਼ ਇੱਕ ਵਾਰ ਲਿਆ ਅਤੇ ਉਹ ਵੀ ਚਾਲੂ ਜਿਹੇ ਢੰਗ ਨਾਲ, ਪਰ ਇਸ ਨਾਲ ਉਸਦਾ ਪੂਰਾ ਬਿਓਰਾ ਕੋਈ ਘੱਟ ਸਾਫ਼ ਨਹੀਂ ਹੋ ਗਿਆ, ਕਿਉਂਕਿ ਫ਼ਰਾਉਨਲ ਬਸਤਰ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਸੀ। ਜਦੋਂ ਉਹ ਆਪਣੀ ਕਹਾਣੀ ਸੁਣਾ ਰਿਹਾ ਸੀ ਤਾਂ ਉਸਨੇ ਖਿੜਕੀ ਦੇ ਬਾਹਰ ਨਿਗ੍ਹਾ ਮਾਰੀ ਅਤੇ ਵੇਖਿਆ ਕਿ ਉਹ ਉਸੇ ਕਸਬੇ ਦੇ ਕੋਲ ਪਹੁੰਚਣ ਵਾਲੇ ਹਨ ਜਿੱਥੇ ਕਿ ਕਚਹਿਰੀਆਂ ਦੇ ਦਫ਼ਤਰ ਹਨ। ਉਸਨੇ ਆਪਣੇ ਚਾਚੇ ਨੂੰ ਇਹ ਦੱਸਿਆ, ਪਰ ਉਹ ਇਸ ਸੰਜੋਗ ਤੋਂ ਬਹੁਤਾ ਫ਼ਿਕਰਮੰਦ ਨਹੀਂ ਹੋਇਆ। ਕਾਰ ਇੱਕ ਹਨੇਰੇ ਘਰ ਦੇ ਸਾਹਮਣੇ ਜਾ ਖੜੀ ਹੋਈ। ਉਸਦੇ ਚਾਚੇ ਨੇ ਜ਼ਮੀਨੀ ਮੰਜ਼ਿਲ ਦੇ ਪਹਿਲੇ ਬੂਹੇ ਦੀ ਘੰਟੀ ਛੇਤੀ ਨਾਲ ਦੱਬ ਦਿੱਤੀ। ਜਦੋਂ ਉਹ ਉਡੀਕ ਕਰ ਰਹੇ ਸਨ ਤਾਂ ਉਸਦੇ ਚਾਚੇ ਨੇ ਮੁਸਕੁਰਾਉਂਦੇ ਹੋਏ ਆਪਣੇ ਵੱਡੇ-ਵੱਡੇ ਦੰਦ ਵਿਖਾਏ ਅਤੇ ਫੁਸਫਸਾਇਆ -

131 ॥ ਮੁਕੱਦਮਾ