ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/104

ਇਹ ਸਫ਼ਾ ਪ੍ਰਮਾਣਿਤ ਹੈ

ਧਰਤੀ ਵੀ ਬਦ ਰੰਗ ਹੈ, ਅੰਬਰ ਵੀ ਕਾਲਾ ਹੈ।
ਪੁੱਛੀਏ ਕੀਹ, ਸਾਫ਼ ਦਿਸੇ, ਸਭ ਘਾਲ਼ਾ ਮਾਲ਼ਾ ਹੈ।

ਤੂੰ ਜਿਸਮ ਨਹੀਂ ਕੇਵਲ, ਇੱਕ ਰੂਹ ਦਾ ਕ੍ਰਿਸ਼ਮਾ ਹੈਂ,
ਅੰਦਰ ਤੇ ਬਾਹਰ ਤਿਰੇ, ਤਾਂ ਹੀ ਤੇ ਉਜਾਲਾ ਹੈ।

ਉਹ ਅਸਲ ਹਕੀਕਤ ਨੂੰ, ਪਹਿਚਾਨਣ ਯੋਗ ਨਹੀਂ,
ਨੀਯਤ ਵੀ ਸਾਫ਼ ਨਹੀਂ, ਅੱਖੀਆਂ 'ਚ ਵੀ ਜਾਲਾ ਹੈ।

ਗੁੱਸੇ ਵਿਚ ਜਦ ਬੋਲਾਂ, ਕੁਝ ਹੋਰ ਹੀ ਬਣ ਜਾਵਾਂ,
ਧੀਰਜ ਵੀ ਧਰਦਾ ਨਹੀਂ, ਅਕਲਾਂ ਤੇ ਵੀ ਤਾਲਾ ਹੈ।

ਬਗਲੇ ਨੂੰ ਭਗਤ ਕਹੋ, ਪਛਤਾਉਗੇ ਆਪੇ ਹੀ,
ਬਗਲਾਂ ਵਿਚ ਛੁਰੀਆਂ ਨੇ, ਹੱਥਾਂ ਵਿਚ ਮਾਲਾ ਹੈ।

ਆਂਦਰ ਦੇ ਧਾਗੇ ਵਿਚ, ਮੋਤੀ ਨੇ ਅੱਖਰਾਂ ਦੇ,
ਇਹ ਅਜਬ ਸਵੰਬਰ ਹੈ, ਕੈਸੀ ਵਰ ਮਾਲ਼ਾ ਹੈ।

ਬਾਪੂ ਜੀ ਅਨਪੜ੍ਹ ਸੀ, ਪਰ ਅਕਸਰ ਕਹਿੰਦੇ ਸੀ,
ਹਥਿਆਰ ਦਾ ਹਰ ਧਰਤੀ, ਹਰ ਥਾਂ ਮੂੰਹ ਕਾਲਾ ਹੈ।

ਮਿਰਗਾਵਲੀ-104