ਇਹ ਸਫ਼ਾ ਪ੍ਰਮਾਣਿਤ ਹੈ


ਉਸਦੇ ਇਸ਼ਕ 'ਚ ਹੋਏ ਅੰਨ੍ਹੇ,
ਹੰਝੂਆਂ ਨੂੰ ਸਿੰਘ ਰੋਕ ਨਾ ਸੱਕੇ ।
ਵੇਖ ਕੇ ਉਹਦਾ ਖਿੜਿਆ ਮੱਥਾ,
ਫਿਰ ਵੀ ਦਿਲ ਨੂੰ ਟੋਕ ਨਾ ਸਕੇ ।

ਕਹਿਣ ਲਗੇ 'ਹੇ ਕਲਗੀ' ਵਾਲੇ !
ਵੈਰੀ ਦਾ ਕੁਝ ਅੰਤ ਨ ਆਵੇ ।
ਲੈਕੇ ਲੱਖ ਕਰੋੜਾਂ ਫੌਜਾਂ,
ਪਿਆ ਗੜ੍ਹੀ ਨੂੰ ਘੇਰਾ ਪਾਵੇ ।

ਜਿਵੇਂ ਕਿਵੇਂ ਵੀ ਹੋ ਸਕਦਾ ਏ,
ਛੇਤੀ ਏਥੋਂ ਟੁਰ ਜਾ ਸਾਂਈਆਂ ।
ਅਪਣੀ ਜਿੰਦ ਕੀਮਤੀ ਲੈ ਕੇ,
ਜਿਓਂ ਜਾਣੇ ਤਿਉਂ ਮੁੜ ਜਾ ਸਾਂਈਆਂ ।

ਤੇਰੇ ਅੱਖਾਂ ਮੀਟਣ ਉੱਤੇ,
ਵਰਤ ਜਾਏਗੀ ਸੁੰਞ ਜਹਾਨੀਂ ।
ਨਵਾਂ ਚਾੜ੍ਹਿਆ ਸੱਚ ਦਾ ਸੂਰਜ,
ਹੋ ਜਾਵੇ ਨ ਕਿਧਰੇ ਫ਼ਾਨੀ ।

ਤੂੰ ਬਚ ਜਾਵੇਂ ਤਾਂ ਜੰਮ ਪੈਸਣ,
ਸਾਡੇ ਜਿਹੀਆਂ ਫ਼ੌਜਾਂ ਲੱਖਾਂ ।
ਏਸ ਗੜ੍ਹੀ ਚੋਂ ਬਾਹਰ ਜਾਕੇ,
ਜਿਥੇ ਪਈਆਂ ਤੇਰੀਆਂ ਅੱਖਾਂ ।

ਗਿਦੜਾਂ ਸ਼ੇਰ ਬਣਾਂਦੀਆਂ ਜਾਸਨ,
ਚਿੜੀਓਂ ਬਾਜ਼ ਤੁੜਾਂਦੀਆਂ ਜਾਸਨ ।

- ੫੫ -