ਇਹ ਸਫ਼ਾ ਪ੍ਰਮਾਣਿਤ ਹੈ


ਮਹਾਂ ਸਿੰਘ ਨੇ ਮਾਰ ਕੇ ਤੇਗ ਅਪਣੀ,
ਜੰਗ ਵਿਚ ਘੜਮੱਸ ਮਚਾ ਦਿੱਤੀ ।
ਦਯਾ ਧਰਮ ਵਲੋਂ ਭੁੱਲੇ ਜ਼ਾਲਮਾਂ ਨੂੰ,
ਨਾਨੀ ਵਿੱਸਰੀ ਯਾਦ ਕਰਾ ਦਿੱਤੀ ।

ਤੇਗ਼ਾਂ ਮਾਰਦਾ ਮਾਰਦਾ ਉਹ ਯੋਧਾ,
ਆਖ਼ਰ ਡਿੱਗਿਆ ਕਰਮਾਂ ਦੀ ਮਾਰ ਖਾ ਕੇ!
ਆਖੇ "ਵੇਖ ਨਾ ਮੇਰੇ ਗੁਨਾਹ ਵੱਲੇ,
ਜਾਂਦੀ ਵਾਰ ਦਾਤਾ ਦੇ ਦੀਦਾਰ ਆ ਕੇ।"

ਦਾਤਾ ਦਿਲਾਂ ਦੀ ਦਿਲੀ ਵਿਚ ਵੱਸਦਾ ਸੀ,
ਆਇਆ ਸਾਹਮਣੇ ਬੁਲ੍ਹ ਮੁਸਕਾਉਂਦਾ ਉਹ ।
ਛਾਤੀ ਨਾਲ ਲਗਾ ਕੇ ਮਹਾਂ ਸਿੰਘ ਨੂੰ,
ਦੇ ਦੇ ਪਿਆਰ ਸੀ ਪਿਆ ਬੁਲਾਉਂਦਾ ਉਹ ।

ਮਹਾਂ ਸਿੰਘ ! ਕੁਝ ਮੰਗ ਲੈ ਅੱਜ ਮੈਥੋਂ,
ਜਾਂਦੀ ਵਾਰ ਨਿਰਾਸ ਨ ਜਾਈਂ ਬੱਚਾ।
ਖੁਸ਼ੀ ਨਾਲ ਸਿਧਾਰ ਜੇ ਸੁਰਗ ਚਾਹੇਂ,
ਐਵੇਂ ਅੱਖੀਆਂ ਨ ਡੁਬਡੁਬਾਈਂ ਬੱਚਾ ।

ਲੈ ਕੇ ਬਚਨ ਉਹ ਬੀਰ ਬਲਵਾਨ ਯੋਧਾ,
ਕਹਿਣ ਲੱਗਾ ਬੇਦਾਵਾ ਦਿਖਾ ਦਾਤਾ।
ਮੇਰੇ ਜਿਗਰ ਦੇ ਡੂੰਘੇ ਜਿਹੇ ਫੁੱਟ ਉਤੇ,
ਮਲ੍ਹਮ ਫੇਰ ਮਿਲਾਪ ਦੀ ਲਾ ਦਾਤਾ।

ਦਾਤੇ ਆਖਿਆ ਦਰਦ ਵਿਚ ਮਹਾਂ ਸਿੰਘਾ !
ਕੁਝ ਤੂੰ ਆਪਣੇ ਵਾਸਤੇ ਮੰਗ ਲੈਂਦੋ ।

- ੪੯ -