ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਸੀਸ ਦੀ ਪਵੇ ਜੇ ਲੋੜ ਕਿਧਰੇ,
ਨਾਹਰਾ ਇਕ ਹੁੰਦਾ ਪੰਥ ਸੱਭ ਦਾ ਏ ।

ਏਸ ਚੁਲੀ ਦੇ ਵਿਚ ਹੈ ਬੰਦ ਕੀ ਕੀ ?
ਇਹ ਤਾਂ ਸ੍ਰੀ ਦਸਮੇਸ਼ ਹੀ ਜਾਣਦਾ ਏ।
ਯਾਂ ਫਿਰ ਏਸਨੂੰ ਵਾਂਗਰਾਂ ਆਸ਼ਕਾਂ ਦੇ,
ਜੇਹੜਾ ਪੀਂਵਦਾ ਸੋਈ ਪਛਾਣਦਾ ਏ ।

ਭੁੱਖਾ ਸ਼ੇਰ ਜਿਉਂ ਵੇਖ ਸ਼ਿਕਾਰ ਤਾਈਂ,
ਨੱਸ ਨੱਸ ਕੇ ਧਰਤ ਨੂੰ ਪੱਟਦਾ ਏ ।
ਓਵੇਂ ਸਦਾ ਕੁਰਬਾਨੀ ਦਾ ਨਾਂ ਸੁਣਕੇ,
ਸੱਚਾ ਸਿੱਖ ਕਚੀਚੀਆਂ ਵੱਟਦਾ ਏ।

ਕੋਈ ਆਖਦਾ ਮੌਤ ਨੂੰ ਢੂੰਡਦਾ ਹਾਂ,
ਕਿਤੇ ਸਦਾ ਦੀ ਜ਼ਿੰਦਗੀ ਜੀਣ ਖਾਤਰ ।
ਪਿਆ ਤੱਨ ਤੋਂ ਟਾਕੀਆਂ ਲਾਹੁੰਦਾ ਹਾਂ,
ਪਾਟੀ ਧਰਮ ਦੀ ਗੋਦੜੀ ਸੀਣ ਖ਼ਾਤਰ ।

ਖੇਡਾਂ ਖੇਡਦੇ ਮੌਤ ਦੇ ਨਾਲ ਅਣਖੀ,
ਮਾਣ ਰੱਖਦੇ ਨੇ ਤੀਰਾਂ ਭੱਥਿਆਂ ਤੇ ।
ਜੀਂਦੇ ਮੋਏ ਦੀ ਆਂਵਦੀ ਸਮਝ ਨਾਹੀਂ,
ਖਿੱਲੀ ਪਾਉਂਦੇ ਖੋਪਰਾਂ ਲੱਥਿਆਂ ਤੇ।

ਕੋਈ ਆਰੇ ਨੂੰ ਚੁੰਮ ਕੇ ਆਖਦਾ ਏ,
ਸਿਧਾ ਚੀਰ ਤੂੰ ਕੱਢ ਕੇ ਚੱਲੀ ਅੜਿਆ ।
ਮੇਰੇ ਖੂਨ ਦੇ ਪਾਕ ਸੰਧੂਰ ਤਾਂਈਂ,
ਵਿਚ ਮੀਢੀਆਂ ਦੇ ਖੂਬ ਮਲੀਂ ਅੜਿਆ ।


- ੩੭ -