ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੱਥੇ ਉਤੇ ਬਿੰਦੀ ਲਾ ਕੇ,
ਚੰਨ ਮਾਹੀ ਨੂੰ ਨਾਲ ਰਲਾ ਕੇ ।
ਕਰਨ ਚਲੀ ਤੂੰ ਸੈਰ ਨੀਂ ਕਿਧਰੇ ?
ਲਗਣ ਨਾ ਤੇਰੇ ਪੈਰ ਨੀਂ ਕਿਧਰੇ ?

ਕਿਵੇਂ ਕਿਥੋਂ ਇਹ ਮਿਹਰਾਂ ਵਰ੍ਹੀਆਂ,
ਕਿਥੋਂ ਲਈਆਂ ਚਿੱਟੀਆਂ ਜ਼ਰੀਆਂ ?
ਚਾਂਦੀ ਦੇ ਵਰਕਾਂ ਦੀ ਘੱਗਰੀ,
ਕਿਥੋਂ ਲਈ ਚੰਨ ਵਰਗੀ ਝੱਜਰੀ ।

ਕੀ ਝਨਾਂ ਵਿਚ ਠਿੱਲ੍ਹਣ ਚਲੀਓਂ ?
ਮਾਹੀ ਤਾਂਈਂ ਮਿੱਲਣ ਚਲੀਓਂ ।
ਕਿੱਥੋਂ ਅੰਮ੍ਰਤ ਲੈਣ ਚਲੀ ਏਂ ?
ਕਿਸ ਬੁਕਲ ਵਿਚ ਪੈਣ ਚਲੀ ਏਂ ?

ਸਿਰ ਉਤੇ ਜਾਂ ਰੱਖ ਪਟਾਰੀ,
ਸੋਹਣੀ ਸੋਹਣੀ ਪਿਆਰੀ ਪਿਆਰੀ ।
ਕੀਲਣ ਚਲੀਓਂ ਨਾਗ ਕਿਸੇ ਦੇ,
ਜਾਂ ਜਗਾਵਣ ਭਾਗ ਕਿਸੇ ਦੇ ।

ਯਾਂ ਤੂੰ ਦੱਸ ਚਕੋਰਾਂ ਖ਼ਾਤਰ,
ਲੈ ਆਈ ਏਂ ਮੰਨ ਦਾ ਠਾਕਰ ।
ਯਾਂ ਤਕ ਚਕ ਵੀ ਚਕਵੇ ਤਾਂਈਂ,
ਯਾਦ ਪਿਆ ਈ ਆਪਣਾ ਸਾਂਈਂ ।

- ੨੮ –