ਇਹ ਸਫ਼ਾ ਪ੍ਰਮਾਣਿਤ ਹੈ

ਮਾਨ-ਸਰੋਵਰ/

ਐਡਾ ਬੇ-ਪਰਵਾਹ ਏ ਚਾਕ ਅੜੀਓ,

ਕਰਦਾ ਰਤਾ ਵੀ ਖ਼ੌਫ ਇਹ ਜੱਟ ਦਾ ਨਹੀਂ।

ਮਹੀਂ ਖੇਤ ਵਿਚ ਸੌਂ ਗਿਆ ਵਣ ਥੱਲੇ,

ਲਿਆ ਇਨ੍ਹੇ ਸਰ੍ਹਾਣਾ ਵੀ ਵੱਟ ਦਾ ਨਹੀਂ।


ਉਹਨੂੰ ਆਪਣੀ ਬੁਕਲੇ ਵੇਖ ਸੁੱਤਾ,

ਮਜ਼ਾ ਛਾਂ ਨੂੰ ਹੁਣੇ ਸੀ ਆਣ ਲੱਗਾ।

ਝਟ ਛਾਂ ਨੂੰ ਮੂੰਹ ਤੋਂ ਦੇ ਧੱਕਾ,

ਸੂਰਜ ਕਿਰਨਾਂ ਦਾ ਚੌਰ ਝੁਲਾਣ ਲੱਗਾ।


ਏਧਰ ਕਿਰਨਾਂ ਦੇ ਇਸ਼ਕ ਤੇ ਹਸਦ ਖਾ ਕੇ,

ਸ਼ੇਸ਼ ਨਾਗ ਨੇ ਫੱਨ ਖਿਲਾਰ ਦਿਤਾ।

ਭਾਵੇਂ ਕਿਰਨਾਂ ਨੇ ਗੁਸੇ ’ਚ ਲਾਲ ਹੋ ਕੇ,

ਸੌ ਸੌ ਡੰਗ ਗ਼ਰੀਬ ਨੂੰ ਮਾਰ ਦਿੱਤਾ।


ਏਧਰ ਅੱਖ ਬਚਾ ਕੇ ਹਵਾ ਰਾਣੀ,

ਉਹਦੇ ਵਸਲ ਦੇ ਮਜ਼ੇ ਉਡਾਣ ਲੱਗੀ।

ਕੱਲੇ ਬੇ-ਪ੍ਰਵਾਹ ਮਹਿਬੂਬ ਉਤੇ,

ਕਈਆਂ ਆਸ਼ਕਾਂ ਦੀ ਅੱਖ ਆਣ ਲੱਗੀ।


ਜਿਹਦਾ ਮਝੀਆਂ ਖੇਤ ਉਜਾੜ ਦੇਵਣ,

ਓਸ ਜੱਟ ਦਾ ਕਾਲਜਾ ਚਾਕ ਹੋਵੇ।

ਜ਼ਾਰੋ ਜ਼ਾਰ ਰੋਵੇ ਮਾਰ ਮਾਰ ਢਾਹੀਂ,

ਸੁੁੱਤੇ ਚਾਕ ਲਈ ਭਾਵੇਂ ਮਜ਼ਾਕ ਹੋਵੇ।


ਸਾਹਵੇਂ ਰਾਏ ਬੁਲਾਰ ਦੇ ਪਿਆ ਛਿੱਥਾ,

ਖੇਤੀ ਵਧੀ ਜਾਂ ਦੂਣ ਸਵਾਈ ਵੇਖੀ।

-੨੪-