ਇਹ ਸਫ਼ਾ ਪ੍ਰਮਾਣਿਤ ਹੈ

ਰਾਗ, ਕਾਵਿ, ਚਿਤਰਕਾਰੀ, ਸਾਹਿੱਤ, ਹੁਨਰ-ਅਖਾੜੇ ਦੇ ਚੋਣਵੇਂ ਅੰਗ ਨੇ, ਇਥੋਂ ਦੇ ਘੋਲ ਵੀ ਅਨੋਖੇ ਨੇ ਤੇ ਰੌਣਕ-ਮੇਲਾ ਵੀ ਅਲੋਕਾਰ ।

ਮੈਂ ਅਜ ਇਕ ਨਵੇਂ ਪਹਿਲਵਾਨ ਦੀ ਕਥਾ ਛੇੜਨੀ ਚਾਹੁੰਦਾ ਹਾਂ। ਇਹ ਪੰਜਾਬੀ ਹੈ, ਬਾਰ ਦੀ ਭੋਂ-ਮਿਟੀ ਤੋਂ ਇਹਦਾ ਸਰੀਰ ਬਣਿਆ, ਪੰਜਾਬਣ ਮਾਂ ਅਤੇ ਪੰਜਾਬੀ ਪਿਤਾ ਦੀਆਂ ਸਧਰਾਂ ਨੇ ਇਸ ਨੂੰ ਪਾਲਿਆ । ਇਹ ਵਡਾ ਹੋਇਆ, ਤੇ ਉਸਰਿਆ । ਦੁਧ, ਘਿਓ, ਮੱਖਣ ਵਰਗੀ ਨਰੋਈ ਖੁਰਾਕ ਨੇ ਇਸ ਦਾ ਦਿਲ ਵੀ ਨਰੋਆ ਅਤੇ ਹੌਸਲਾ-ਭਰਪੂਰ ਬਣਾ ਦਿਤਾ ।

ਟੁਰਿਆ ਜਾਂਦਾ ਹੋਵੇ, ਤਾਂ ਇਉਂ ਜਾਪਦਾ ਏ, ਜਿਵੇਂ ਹੁਲਾਰੇ ਖਾਂਦੀ ਜਾਂਦੀ ਜਵਾਨੀ, ਮੁਸਕਾਂਦਾ ਜਾਂਦਾ ਰੂਪ, ਪ੍ਰੋਫੈਸਰ ਪੂਰਨ ਸਿੰਘ ਦੀ ਅੱਖ ਨਾਲ ਵੇਖਿਆਂ ਇਹ ਸੁਨੱਖਾ ਸਡੌਲ ਅਤੇ ਉਚਾ ਲੰਮਾ ਭਰਵਾਂ ਜਵਾਨ ਇਉਂ ਜਾਪਦਾ ਏ ਜਿਵੇਂ ਅੱਖ ਮਟੱਕੇ ਕਰਦੀ ਮਸਤੀ-ਭਰੀ ਕਵਿਤਾ।

ਮਾਂ ਪਿਓ ਨੇ ਇਸਦਾ ਨਾਮ 'ਗੁਰਦੇਵ ਸਿੰਘ’ ਰਖਿਆ, ਇਸ ਨੂੰ ਪੂਰੀ ਰੀਝ ਨਾਲ ਪਾਲਿਆ। ਉਹ ਇਸਦਾ ਸੁਖ-ਮੋਹ ਬਣੇ, ਇਹ ਉਨਾਂ ਦਾ ਮਾਨ, ਨਹੀਂ ਨਹੀਂ ਸਗੋਂ ਮਾਨ-ਬੰਸ ਦਾ ਵੀ ਮਾਨ ।

ਮਾਨ ਨਰੋਆ ਸਰੀਰ ਲੈਕੇ ਕਾਵਿ-ਅਖਾੜੇ ਵਿਚ ਉਤਰ ਪਿਆ। ਇਸ ਦਿਨਾਂ ਵਿਚ ਕਈ ਘੋਲ ਕਰ ਵਿਖਾਏ । ਚੰਗੇ ਚੰਗੇ ਨਾਮੀ ਮਲਾਂ ਤੋਂ ਮਾਲੀਆਂ ਜਿਤੀਆਂ, ਵਾਹ ਵਾਹ ਲਈ, ਨਾਮਣਾ ਖਟਿਆ ਪਰ ਦਾਅ ਪੇਚ ਦੇ ਆਸਰੇ ਨਹੀਂ ਆਪਣੇ ਜੋਰ ਦੇ ਆਸਰੇ । ਪੰਜਾਬੀ ਦਰਸ਼ਕ ਇਸਨੂੰ ਜੋਰਾਵਰ-ਘੁਲਾਟੀਆ ਮੰਨਣ ਲਗ ਪਏ । ਜਿਥੇ ਕੋਈ ਕਾਵ-ਅਖਾੜਾ ਬਝੇ 'ਗੁਰਦੇਵ' ਵੀ ਉਥੇ ਦਾ ਮਲ ਹੁੰਦਾ ਹੈ।

ਹੁਣ ਤੀਕ 'ਮਾਨ' ਜੋਰ ਨਾਲ ਜਿਤਦਾ ਆਇਆ ਹੈ ਅਤੇ ਜੋ 'ਦਾਅ ਪੇਚ' ਇਸਨੂੰ ਰਬੋਂ ਸੁਝੇ ਉਨਾਂ ਨਾਲ ਈ ਇਸ ਕਈਆਂ ਦੀ ਪਿਠ ਲਾ ਸੁਟੀ ਪਰ ਹਰ ਹੁਨਰ ਤਪੱਸਿਆ ਮੰਗਦਾ ਹੈ ਤੇ ਹਰ ਪੜ੍ਹਾਈ ਗੁੜ੍ਹਨਾ, ਗੁਰਦੇਵ ਨੇ ਪੜ੍ਹਨਾ ਅਤੇ ਗੁੜ੍ਹਨਾ ਦੋਵੇਂ ਅਰੰਭ ਦਿਤੇ ਹੋਏ ਨੇ। ਮੈਂ ਭਰੋਸਾ ਰਖਦਾ ਹਾਂ ਮਾਨ ਕੁਝ ਚਿਰ ਬਾਦ ਹੋਰ ਵੀ ਮਾਨ ਜਿਤੇਗਾ ਹੋਰ ਵੀ ਚਮਕੇਗਾ।

-੧੪-