ਪੰਨਾ:ਮਾਨ-ਸਰੋਵਰ.pdf/179

ਇਹ ਸਫ਼ਾ ਪ੍ਰਮਾਣਿਤ ਹੈ


ਕਾਗ ਬੋਲ ਪਏ ਆਣ ਬਨੇਰਿਆਂ ਤੇ,
ਕੋਈ ਬੁੱਕ ਭੁੱਲੀ ਆਟਾ ਮਿਣਨ ਲੱਗੀ।
ਉਹਨੂੰ ਛੁਟੀ ਦੀਆਂ ਚਿੱਠੀਆਂ ਯਾਦ ਆਈਆਂ,
ਦਿਨ ਪੀਆ ਦੇ ਆਉਣ ਦੇ ਗਿਣਨ ਲੱਗੀ।

ਚਿੜੀਆਂ ਵਿਚ ਨਿਆਈਆਂ ਦੇ ਚੂਕ ਪਈਆਂ,
ਲੰਘੀ ਸ਼ੂਕਦੀ ਡਾਰ ਕਬੂਤਰਾਂ ਦੀ।
ਵਿਚ ਤ੍ਰਿੰਞਣਾਂ ਚਰਖੀਆਂ ਘੂਕ ਪਈਆਂ,
ਪੈ ਗਈ ਲੋੜ ਜੁਲਾਹਿਆਂ ਨੂੰ ਸੂਤਰਾਂ ਦੀ।

ਘੁਗੂ ਬੋਲਿਆ ਉੱਠ ਮਜ਼ਦੂਰ ਨੱਸੇ,
ਪਾਟੇ ਜੁੱਲਿਆਂ ਦੀ ਸੜੇਹਾਨ ਵਿੱਚੋਂ।
ਅਸਰਾਫ਼ੀਲ ਨੇ ਜਿਵੇਂ ਸਰਨਾ ਫੂਕੀ,
ਮੁਰਦੇ ਉੱਠ ਨੱਸੇ ਕਬਰਸਤਾਨ ਵਿੱਚੋਂ।

ਘੂਕ ਸੁੱਤਿਆਂ ਦਿਹੁੰ ਜਾਂ ਚੜ੍ਹ ਆਇਆ,
ਬੁਢੇ ਆਣ ਜਗਾਇਆ ਹਾਲੀਆਂ ਨੂੰ।
ਕਈ ਹਲਾਂ ਦੇ 'ਚੋ' ਸਞਾਂਣਦੇ ਨੇ,
ਪਾ ਪਾ ਅਰਲੀਆਂ ਵੇਖਣ ਪੰਜਾਲੀਆਂ ਨੂੰ।

ਪਿਛੇ ਪਿਛੇ ਮੁੱਛ-ਫੋਟ ਗਭਰੂਟ ਮੁੰਡਾ,
ਅੱਗੇ ਅੱਗੇ ਹਰਨ੍ਹਾਲੀ ਹਿਸਾਰੀਆਂ ਦੀ।
ਢੱਗੇ ਜਾਣ ਕੇ ਜਿਨ੍ਹਾਂ ਨੇ ਮਿਰਗ ਵੇਚੇ,
ਮਾਰੀ ਮੱਤ ਗਈ ਉਹਨਾਂ ਵਿਪਾਰੀਆਂ ਦੀ।

ਕਾਲੇ ਘੱਟ ਕਮਾਦ ਦੇ ਖੇਤ ਇਕ ਧਿਰ,
ਇਕ ਧਿਰ ਖੜਾ ਨਰਮਾ ਜੁੜਿਆ ਕੰਧ ਵਾਂਗੂੰ।

-੧੭੬-