ਪੰਨਾ:ਮਾਨ-ਸਰੋਵਰ.pdf/177

ਇਹ ਸਫ਼ਾ ਪ੍ਰਮਾਣਿਤ ਹੈ



ਪੀੜ੍ਹੇ ਡਾਹ ਕੇ ਚੁਪ ਜਹੀ ਆਣ ਬੈਠੀ,
ਨਵੀਂ ਵਹੁਟੜੀ ਆਈ ਪਰਭਾਤ ਵੇਖੋ।
ਜਾਂਦੇ ਜਾਂਦੇ ਉਸ਼ੇਰ ਦੇ ਤਾਰਿਆਂ ਨੇ,
ਪਈ ਘੁੰਡ ਚੋਂ ਰਤਾ ਕੁ ਝਾਤ ਵੇਖੋ।

ਚੁੰਨੀ ਅੰਬਰੀ ਅਬਰਕਾਂ ਵਾਲੜੀ ਦਾ,
ਘੁੰਡ ਓਸਨੇ ਰਤਾ ਲਮਕਾ ਦਿਤਾ।
(ਪਰ) ਚੜ੍ਹਦੀ ਵਲੋਂ ਪਰ ਲਾਡਲੇ ਦਿਓਰ ਆ ਕੇ,
ਸਿਰ ਤੋਂ ਲੀੜਾ ਹੀ ਖਿੱਚ ਕੇ ਲਾਹ ਦਿੱਤਾ।

ਸੰਨ੍ਹਾਂ ਛੱਡ ਕੇ ਚੋਰ ਨੇ ਉਠ ਨੱਸੇ,
ਪੈਂਚ ਖੂਹ ਤੇ ਡੋਲ ਖੜਕਾਉਣ ਲੱਗਾ।
ਗੜਵੀ ਸਾਂਭ ਕੇ ਚੱਲਿਆ ਘਰੋਂ ਪੰਡਤ,
ਭਾਈ ਆਣ ਕੇ ਸੰਖ ਵਜਾਉਣ ਲੱਗਾ।

ਆਪੋ ਅਪਣੇ ਕੰਮਾਂ ਤੇ ਗਏ ਕਾਮੇ,
ਆਈ ਜਾਗ ਹੈ ਰੱਬ ਦੇ ਪਿਆਰਿਆਂ ਨੂੰ।
ਜੋਬਨ ਵਿਚ ਜਾਂ ਰੱਬੀ ਰਬਾਬ ਆਈ,
ਚੜ੍ਹੀਆਂ ਮਸਤੀਆਂ ਇਸ਼ਕ-ਹੁਲਾਰਿਆਂ ਨੂੰ।

ਰਾਗੀ ਜਦੋਂ ਹਰਮੰਦਰ ਦੇ ਵਿਚ ਬਹਿਕੇ,
ਸਬਦ ਨਾਨਕ ਦੀ ਬਾਣੀ ਦੇ ਗਾਣ ਲੱਗੇ।
ਲੱਖਾਂ ਧੁਖਦਿਆਂ ਦਿਲਾਂ ਨੂੰ ਸ਼ਾਂਤ ਆਈ,
ਚੰਚਲ-ਚਿਤ ਸਮਾਧੀਆਂ ਲਾਣ ਲੱਗੇ।

ਰਹੀਆਂ ਰਾਤ ਭਰ ਘੁਟੀਆਂ ਜਿਹੜੀਆਂ ਸੀ,
ਬਾਹਵਾਂ ਪੀਆ ਦੇ ਗਲੇ ਚੋਂ ਖੁਲ੍ਹ ਗਈਆਂ।

-੧੭੪-