ਪੰਨਾ:ਮਾਨ-ਸਰੋਵਰ.pdf/168

ਇਹ ਸਫ਼ਾ ਪ੍ਰਮਾਣਿਤ ਹੈ


ਭੱਤਾ ਚੁੱਕ ਤੂੰ ਪੈਲਾਂ ਪਾਂਦੀ,
ਆਵੇਂ ਵਾਂਗਰ ਮੋਰਾਂ।

ਮੈਂ ਬੁਚਕਾਰ ਕੇ ਢੱਗੇ ਅਪਣੇ,
ਆਣ ਲੁਹਾਵਾਂ ਭੱਤਾ।
ਤੂੰ ਆਖੇਂ ਇਸ ਖਾਲ ਦੀ ਵੱਟ ਤੇ,
ਬਹਿ ਜਾ ਹਾਲੀ ਜੱਟਾ।

ਰੋਟੀ ਤੇ ਦੋ ਡਲੀਆਂ ਧਰ ਦਏਂ,
ਮੂੂੰਹ ਤੇ ਲਿਆਵੇਂ ਖੇੜਾ।
ਇਕ ਨੂੰ ਆਖੇਂ ਬੱਗਾ ਗੰਢਾ,
ਦੂਜਾ ਮੱਖਣ ਪੇੜਾ।

ਕੁੱਜੀ ਕਰ ਅਗਾਂਹ ਨੂੰ ਆਖੇਂ,
ਉਮਰ ਸਾਡੀ ਵੀ ਜੀ ਜਾ।
ਬੂਰੀ ਮੱਝ ਦੀ ਲੱਸੀ ਸ਼ੇਰਾ!
ਗਟ ਗਟ ਕਰਕੇ ਪੀ ਜਾ!

ਸੀ ਸੀ ਕਰ ਮੈਂ ਆਖਾਂ,"ਪਾਰੋ"
ਅਜ ਹੈ ਸਾਗ ਕਰਾਰਾ।
ਐਵੇਂ ਐਵੇਂ ਖਾ ਪੀ ਕੇ ਫਿਰ,
ਮੈਂ ਰੱਜ ਜਾਵਾਂ ਸਾਰਾ।

ਬੱਸ ਮੈਂ ਏਨੀ ਖੇਡੀ ਚਾਹਵਾਂ,
'ਬਚਪਨ ਯਾਦ' ਪੁਰਾਣੀ।
ਦੋਂਹ ਦਿਲਾਂ ਦੀ ਖੇਡੀ ਹੋਈ,
ਗੁੰਝਲਦਾਰ ਕਹਾਣੀ।

-੧੬੫-