ਪੰਨਾ:ਮਾਨ-ਸਰੋਵਰ.pdf/151

ਇਹ ਸਫ਼ਾ ਪ੍ਰਮਾਣਿਤ ਹੈ


ਅੱਜ ਇੰਦਰ ਪਰੱਸਤ ਦੀ ਮਹਾਰਾਣੀ,
ਕੱਖੋਂ ਹੌਲੀ ਸੀ ਕੈਦੀਆਂ ਵਾਂਗ ਤੱਤੀ।
ਉਹਦੇ ਕੇਸ਼ ਦੁਸ਼ਾਸਨ ਜਾ ਖਿਚਦਾ ਸੀ,
ਹੈਸੀ ਖਿਚਵੀਂ ਮਾਰਦੀ ਚਾਂਗ ਤੱਤੀ।

ਦੈਂਤ ਦੰਦਾਂ ਨੂੰ ਪੀਸਦਾ ਹਾਏ ਜ਼ਾਲਮ,
ਉੱਚੀ ਉੱਚੀ ਦਰਯੋਧਨ ਇਉਂ ਗੱਜਦਾ ਸੀ।
ਮੈ ਤੇ ਅੰਨ੍ਹੇ ਦਾ ਅੰਨ੍ਹਾ, ਸਾਂ ਸੋਚ ਤੇ ਸਹੀ,
ਹੋਇਆ ਕੀ ਜੇ ਮੈਨੂੰ ਨਹੀਂ ਲੱਭਦਾ ਸੀ।

ਅੱਖਾਂ ਵਾਲੀਏ ਅੰਨ੍ਹੀਏ ਵੇਖ ਤੇ ਸਹੀ,
ਕ੍ਹੀਦੇ ਹੁਕਮ ਅੰਦਰ ਬੱਧੀ ਖੜੀ ਏਂ ਤੂੰ।
ਗਿਣ ਗਿਣ ਕੇ ਲੈਣਗੇ ਅੱਜ ਬਦਲੇ,
ਧੱਕੇ ਡਾਹਢਿਆਂ ਦੇ ਮੋਈਏ ਚੜ੍ਹੀ ਏਂ ਤੂੰ।

ਘੜੀ ਪਲ ਵਿਚ ਵੇਖ ਸੁਜ਼ਾਖੀਏ ਨੀ,
ਤੈਨੂੰ ਅੰਨ੍ਹੇ ਦੇ ਹੱਥ ਵਿਖਾਣ ਲੱਗਾ।
ਪਰਦੇ ਅੰਨ੍ਹਿਆਂ ਦੇ ਸਾਹਵੇਂ ਫਬਦੇ ਨਹੀਂ,
ਏਹ ਵਲ੍ਹੇਟੀਆਂ ਸਾੜ੍ਹੀਆਂ ਲਾਣ ਲੱਗਾ।

ਦਯਾ ਧਰਮ ਜਹਾਨ ਦਾ ਕੰਬ ਉਠਿਆ,
ਕੰਬੀ ਜ਼ਿਮੀ ਤੇ ਨਾਲੇ ਅਸਮਾਨ ਕੰਬਿਆ।
ਕੰਬੇ ਪੰਖ ਪੰਖੇਰੂ ਪਹਾੜ ਕੰਬੇ,
ਕੰਬੀ ਖਲਕ ਤੇ ਸਾਰਾ ਜਹਾਨ ਕੰਬਿਆ।

ਨੈਹਰਾਂ ਕੱਢਦਾ ਡੁਬਕੇ ਮਰਨ ਖਾਤਰ,
ਗੁਰਜ਼ ਵਾਲੜਾ ਕੋਈ ਫਰਹਾਦ ਕੰਬਿਆ।

-੧੪੭-